ਸੰਗਰਾਂਦ ਅਤੇ ਸੋਮਾਵਤੀ ਮੱਸਿਆ ''ਤੇ ਗੁਰੂਘਰ ''ਚ ਉਮੜਿਆ ਸੰਗਤਾਂ ਦਾ ਸੈਲਾਬ

Monday, Jun 15, 2026 - 11:39 AM (IST)

ਸੰਗਰਾਂਦ ਅਤੇ ਸੋਮਾਵਤੀ ਮੱਸਿਆ ''ਤੇ ਗੁਰੂਘਰ ''ਚ ਉਮੜਿਆ ਸੰਗਤਾਂ ਦਾ ਸੈਲਾਬ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਹਾੜ ਮਹੀਨੇ ਦੀ ਸੰਗਰਾਂਦ ਅਤੇ ਸੋਮਾਵਤੀ ਮੱਸਿਆ ਦੇ ਇਤਿਹਾਸਕ ਤੇ ਸਾਂਝੇ ਦਿਹਾੜੇ ਮੌਕੇ ਅੱਜ ਇੱਥੋਂ ਦੇ ਇਤਿਹਾਸਕ ਅਸਥਾਨ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੰਗਤਾਂ ਦਾ ਇਕ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ। ਇਸ ਪਾਵਨ ਦਿਹਾੜੇ ’ਤੇ ਦੇਸ਼ -ਵਿਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੀ ਵੱਡੀ ਗਿਣਤੀ ਵਿਚ ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕੀਤੀਆਂ।

​ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ। ਭਾਈ ਗਗਨਪ੍ਰੀਤ ਸਿੰਘ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਪਾਠ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ। ਹਜ਼ੂਰੀ ਰਾਗੀ ਭਾਈ ਪਰਵਿੰਦਰ ਸਿੰਘ ਦੇ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਜਗਬੀਰ ਸਿੰਘ ਨੇ ਸੰਗਤਾਂ ਨੂੰ ਹਾੜ ਦੀ ਸੰਗਰਾਂਦ ਅਤੇ ਸੋਮਾਵਤੀ ਮੱਸਿਆ ਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਭਾਈ ਸੁਖਬੀਰ ਸਿੰਘ ਵੱਲੋਂ ਗੁਰਬਾਣੀ ਦੀ ਕਥਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਮੁੱਖ ਅਰਦਾਸ ਅਦਾ ਕੀਤੀ ਗਈ।

​ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਕੋਲਿਆਂਵਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰ ਸਮੇਂ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ। ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਇਸ ਪਾਵਨ ਦਿਹਾੜੇ 'ਤੇ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀਆਂ ਵਿਸ਼ੇਸ਼ ਛਬੀਲਾਂ ਲਗਾਈਆਂ ਗਈਆਂ, ਜਿੱਥੇ ਸੇਵਾਦਾਰਾਂ ਵੱਲੋਂ ਆਉਂਦੀ-ਜਾਂਦੀ ਸੰਗਤ ਨੂੰ ਬੜੀ ਸ਼ਰਧਾ ਨਾਲ ਜਲ ਛਕਾਇਆ ਗਿਆ। ਇਸ ਤੋਂ ਇਲਾਵਾ ਗੁਰੂ ਕੇ ਲੰਗਰ ਅਤੇ ਚਾਹ ਦਾ ਪ੍ਰਬੰਧ ਵੀ ਨਿਰੰਤਰ ਜਾਰੀ ਰਿਹਾ।

​ਮੌਸਮ ਨੇ ਲਈ ਕਰਵਟ, ਸੰਗਤਾਂ ਬਾਗੋ-ਬਾਗ

​ਇਸ ਖਾਸ ਦਿਹਾੜੇ ’ਤੇ ਕੁਦਰਤ ਵੀ ਮਿਹਰਬਾਨ ਨਜ਼ਰ ਆਈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਪ੍ਰੇਸ਼ਾਨ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਮੌਸਮ ਨੇ ਅਚਾਨਕ ਕਰਵਟ ਲੈ ਲਈ। ਅਸਮਾਨ ਵਿੱਚ ਬੱਦਲਵਾਈ ਦੇ ਨਾਲ-ਨਾਲ ਪੈ ਰਹੀ ਕਿਣਮਿਣ (ਹਲਕੀ ਬੂੰਦਾ-ਬਾਂਦੀ) ਨੇ ਮੌਸਮ ਨੂੰ ਬੇਹੱਦ ਖੁਸ਼ਗਵਾਰ ਬਣਾ ਦਿੱਤਾ। ਹਾਲਾਂਕਿ ਪ੍ਰਬੰਧਕਾਂ ਵੱਲੋਂ ਗਰਮੀ ਤੋਂ ਰਾਹਤ ਲਈ ਪੁਖਤਾ ਇੰਤਜ਼ਾਮ ਸਨ, ਪਰ ਕੁਦਰਤੀ ਬਦਲਾਅ ਅਤੇ ਠੰਢੇ ਜਲ ਦੀਆਂ ਛਬੀਲਾਂ ਨੇ ਸੰਗਤਾਂ ਦੇ ਉਤਸਾਹ ਅਤੇ ਸ਼ਰਧਾ ਨੂੰ ਚਾਰ ਚੰਦ ਲਗਾ ਦਿੱਤੇ।


author

Anmol Tagra

Content Editor

Related News