ਫਿਲਮੀ ਅੰਦਾਜ਼ ’ਚ ਕਾਰ ਰੋਕ ਕੇ ਬੰਧਕ ਬਣਾਇਆ, ਸਾਰੀ ਰਾਤ ਘੁਮਾਇਆ ਤੇ 50 ਹਜ਼ਾਰ ਰੁਪਏ ਲੁੱਟੇ

Tuesday, Jun 02, 2026 - 03:45 PM (IST)

ਫਿਲਮੀ ਅੰਦਾਜ਼ ’ਚ ਕਾਰ ਰੋਕ ਕੇ ਬੰਧਕ ਬਣਾਇਆ, ਸਾਰੀ ਰਾਤ ਘੁਮਾਇਆ ਤੇ 50 ਹਜ਼ਾਰ ਰੁਪਏ ਲੁੱਟੇ

ਮਲੋਟ (ਗੋਇਲ) : ਥਾਣਾ ਸਿਟੀ ਮਲੋਟ ਪੁਲਸ ਨੇ ਸਨਸਨੀਖੇਜ਼ ਲੁੱਟਖੋਹ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਫਿਲਮੀ ਅੰਦਾਜ਼ ਵਿਚ ਕਾਰ ਸਵਾਰ ਦੋ ਵਿਅਕਤੀਆਂ ਨੂੰ ਬੰਧਕ ਬਣਾ ਕੇ ਸਾਰੀ ਰਾਤ ਵੱਖ-ਵੱਖ ਇਲਾਕਿਆਂ ਵਿਚ ਘੁਮਾਇਆ, ਉਨ੍ਹਾਂ ਤੋਂ ਲੁੱਟਖੋਹ ਕੀਤੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿਚੋਂ 50 ਹਜ਼ਾਰ ਰੁਪਏ ਵੀ ਟਰਾਂਸਫਰ ਕਰਵਾ ਲਏ। ਥਾਣਾ ਸਿਟੀ ਮਲੋਟ ਦੇ ਥਾਣਾ ਮੁਖੀ ਵਰੁਣ ਕੁਮਾਰ ਯਾਦਵ ਨੇ ਦੱਸਿਆ ਕਿ 29 ਮਈ ਨੂੰ ਸ਼ਾਮ ਕਰੀਬ 4 ਵਜੇ ਬੂਟਾ ਸਿੰਘ ਅਤੇ ਜਸਪਾਲ ਸਿੰਘ ਆਪਣੀ ਕਾਰ ਵਿਚ ਡੱਬਵਾਲੀ ਰੋਡ ਤੋਂ ਲੰਘ ਰਹੇ ਸਨ। ਦੋਵੇਂ ਦਾਣੇਵਾਲਾ ਖੇਤਰ ਵਿਚ ਤੂੜੀ ਦਾ ਕੰਮ ਕਰਦੇ ਹਨ ਅਤੇ ਕਿਸੇ ਪਾਰਟੀ ਤੋਂ ਪੇਮੈਂਟ ਲੈਣ ਲਈ ਆਏ ਹੋਏ ਸਨ। ਇਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਾ ਕੇ ਰਸਤਾ ਰੋਕ ਲਿਆ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਹਥਿਆਰ ਦਿਖਾ ਕੇ ਦੋਵਾਂ ਨੂੰ ਡਰਾ ਦਿੱਤਾ ਅਤੇ ਕਾਰ ਦੀ ਪਿਛਲੀ ਸੀਟ ’ਤੇ ਬਿਠਾ ਦਿੱਤਾ, ਜਦਕਿ ਖੁਦ ਕਾਰ ’ਤੇ ਕਬਜ਼ਾ ਕਰ ਲਿਆ।

ਇਸ ਤੋਂ ਬਾਅਦ ਮੁਲਜ਼ਮ ਦੋਵਾਂ ਨੂੰ ਕਾਰ ਵਿਚ ਬਿਠਾ ਕੇ ਬਠਿੰਡਾ, ਰਾਮਪੁਰਾ ਫੂਲ ਅਤੇ ਆਸ-ਪਾਸ ਦੇ ਖੇਤਰਾਂ ਵਿਚ ਸਾਰੀ ਰਾਤ ਘੁਮਾਉਂਦੇ ਰਹੇ। ਪੁਲਸ ਅਨੁਸਾਰ ਮੁਲਜ਼ਮਾਂ ਨੇ ਪੀੜਤਾਂ ਕੋਲੋਂ ਨਕਦੀ ਨਾ ਮਿਲਣ ’ਤੇ ਉਨ੍ਹਾਂ ਦੀ ਚਾਂਦੀ ਦੀ ਚੇਨ ਅਤੇ ਚਾਂਦੀ ਦਾ ਕੜਾ ਖੋਹ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਡਰਾ-ਧਮਕਾ ਕੇ ਪੀੜਤਾਂ ਤੋਂ ਗੂਗਲ ਪੇਅ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਵਿਚੋਂ 50 ਹਜ਼ਾਰ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ ਅਤੇ ਬਾਅਦ ਵਿਚ ਏ. ਟੀ. ਐੱਮ. ਤੋਂ ਰਕਮ ਕਢਵਾ ਲਈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੋਵਾਂ ਵਿਅਕਤੀਆਂ ਨੂੰ ਰਾਤ ਕਰੀਬ 3 ਵਜੇ ਤੱਕ ਆਪਣੇ ਨਾਲ ਘੁਮਾਉਂਦੇ ਰਹੇ। ਜਦੋਂ ਕਾਰ ਦਾ ਪੈਟਰੋਲ ਲਗਭਗ ਖਤਮ ਹੋ ਗਿਆ ਤਾਂ ਮੁਲਜ਼ਮ ਵਾਹਨ ਛੱਡ ਕੇ ਫ਼ਰਾਰ ਹੋ ਗਏ। ਇਸ ਪੂਰੀ ਘਟਨਾ ਤੋਂ ਬਾਅਦ ਦੋਵੇਂ ਪੀੜਤ ਇੰਨੇ ਸਹਿਮ ਗਏ ਕਿ ਤੁਰੰਤ ਪੁਲਸ ਕੋਲ ਸ਼ਿਕਾਇਤ ਕਰਨ ਦੀ ਬਜਾਏ ਆਪਣੇ ਘਰ ਚਲੇ ਗਏ। ਅਗਲੇ ਦਿਨ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਮਲੋਟ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਤਕਨੀਕੀ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਇਕਬਾਲ ਸਿੰਘ ਵਾਸੀ ਸੰਦੀਪ ਨਗਰ, ਮਲੋਟ, ਹਰਮਨ ਸਿੰਘ ਵਾਸੀ ਪਿੰਡ ਅਬੁਲ ਖੁਰਾਣਾ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਤਪਾ ਖੇੜਾ ਵਜੋਂ ਹੋਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਹਰਮਨ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟਖੋਹ ਦੇ ਕਈ ਮਾਮਲੇ ਦਰਜ ਹਨ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Gurminder Singh

Content Editor

Related News