ਪੰਜਾਬ : ਢਾਬੇ ਦੀ ਆੜ ''ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ ''ਚ ਫੜੇ 8 ਜੋੜੇ

Wednesday, Jun 10, 2026 - 08:28 PM (IST)

ਪੰਜਾਬ : ਢਾਬੇ ਦੀ ਆੜ ''ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ ''ਚ ਫੜੇ 8 ਜੋੜੇ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਨਾ) - ਸਥਾਨਕ ਅਬੋਹਰ ਰੋਡ ’ਤੇ ਨਗਰ ਕੌਂਸਲ ਦਫ਼ਤਰ ਦੇ ਨੇੜੇ ਸਥਿਤ ਇੱਕ ਢਾਬੇ ਵਿੱਚ ਚੱਲ ਰਹੇ ਕਥਿਤ ਦੇਹ ਵਪਾਰ ਦੇ ਧੰਦੇ ਦਾ ਥਾਣਾ ਸਿਟੀ ਪੁਲਸ ਨੇ ਵੱਡਾ ਪਰਦਾਫਾਸ਼ ਕੀਤਾ ਹੈ। ਡੀ.ਐੱਸ.ਪੀ. ਬਚਨ ਸਿੰਘ ਅਤੇ ਥਾਣਾ ਮੁਖੀ ਰਵਿੰਦਰ ਕੌਰ ਦੀ ਅਗਵਾਈ ਵਿੱਚ ਬੁੱਧਵਾਰ ਦੁਪਹਿਰ ਕਰੀਬ 1:00 ਵਜੇ ਸ਼ੁਰੂ ਹੋਈ ਇਹ ਤਾਬੜਤੋੜ ਛਾਪੇਮਾਰੀ ਦੀ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ।

ਗੁਪਤ ਸੂਚਨਾ ’ਤੇ ਪੁਲਸ ਦੀ ਰੇਡ, ਮੌਕੇ ’ਤੇ ਮਚਿਆ ਹੜਕੰਪ
​ਪੁਲਸ ਪ੍ਰਸ਼ਾਸਨ ਨੂੰ ਪੁਖ਼ਤਾ ਗੁਪਤ ਸੂਚਨਾ ਮਿਲੀ ਸੀ ਕਿ ਨਗਰ ਕੌਂਸਲ ਦਫ਼ਤਰ ਦੇ ਬਿਲਕੁੱਲ ਨਜ਼ਦੀਕ ਸਥਿਤ ਇਸ ਢਾਬੇ ਵਿੱਚ ਗੁਪਤ ਰੂਪ ਵਿੱਚ ਕਮਰੇ ਕਿਰਾਏ ’ਤੇ ਦਿੱਤੇ ਜਾਂਦੇ ਹਨ ਅਤੇ ਉੱਥੇ ਦੇਹ ਵਪਾਰ ਦਾ ਧੰਦਾ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਬਿਨਾਂ ਸਮਾਂ ਗਵਾਏ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਅਤੇ ਢਾਬੇ ’ਤੇ ਅਚਾਨਕ ਛਾਪੇਮਾਰੀ ਕੀਤੀ। ਪੁਲਸ ਦੀ ਇਸ ਅਚਨਚੇਤ ਕਾਰਵਾਈ ਨਾਲ ਮੌਕੇ ’ਤੇ ਹੜਕੰਪ ਮਚ ਗਿਆ।

​8 ਜੋੜੇ ਹਿਰਾਸਤ 'ਚ, ਢਾਬਾ ਸੀਲ
​ਛਾਪੇਮਾਰੀ ਦੌਰਾਨ ਪੁਲਸ ਨੇ ਮੌਕੇ ਤੋਂ 8 ਜੋੜਿਆਂ (ਨੌਜਵਾਨ ਲੜਕੇ-ਲੜਕੀਆਂ) ਨੂੰ ਇਤਰਾਜ਼ਯੋਗ ਹਾਲਤ ਵਿੱਚ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਸ਼ਹਿ ਦੇਣ ਅਤੇ ਧੰਦਾ ਚਲਾਉਣ ਦੇ ਦੋਸ਼ ਵਿੱਚ ਢਾਬਾ ਸੰਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰਵਾਈ ਤੋਂ ਤੁਰੰਤ ਬਾਅਦ ਪੁਲਸ ਨੇ ਉਕਤ ਢਾਬੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

​ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਵਿੰਦਰ ਕੌਰ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਵਿਅਕਤੀਆਂ ਅਤੇ ਢਾਬਾ ਸੰਚਾਲਕ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਰਿਕਾਰਡ ਅਤੇ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਡੀ.ਐੱਸ.ਪੀ. ਬਚਨ ਸਿੰਘ ਨੇ ਇਸ ਸਫ਼ਲ ਕਾਰਵਾਈ ਤੋਂ ਬਾਅਦ ਸਖ਼ਤ ਲਹਿਜੇ ਵਿੱਚ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਜਾਂ ਅਨੈਤਿਕ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਸ ਲਗਾਤਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਅਤੇ ਸ਼ੱਕੀ ਟਿਕਾਣਿਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ​ਫਿਲਹਾਲ, ਪੁਲਸ ਇਸ ਗੱਲ ਦੀ ਤਫ਼ਤੀਸ਼ ਵਿੱਚ ਜੁਟੀ ਹੈ ਕਿ ਇਹ ਕਾਲਾ ਧੰਦਾ ਕਦੋਂ ਤੋਂ ਫਲ-ਫੁੱਲ ਰਿਹਾ ਸੀ ਅਤੇ ਇਸ ਦੇ ਤਾਰ ਕਿੱਥੇ-ਕਿੱਥੇ ਜੁੜੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News