ਪੰਜਾਬ ਦੇ ਸਹਿਕਾਰੀ ਬੈਂਕ ''ਚ ਹੋ ਗਈ ਵੱਡੀ ਠੱਗੀ, ਮਾਮਲਾ ਜਾਣ ਉਡਣਗੇ ਹੋਸ਼

Thursday, Jun 11, 2026 - 04:16 PM (IST)

ਪੰਜਾਬ ਦੇ ਸਹਿਕਾਰੀ ਬੈਂਕ ''ਚ ਹੋ ਗਈ ਵੱਡੀ ਠੱਗੀ, ਮਾਮਲਾ ਜਾਣ ਉਡਣਗੇ ਹੋਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਦੀ ਸ਼ਾਖਾ ਥਾਂਦੇਵਾਲਾ ਦੇ ਇਕ ਸਾਬਕਾ ਮੈਨੇਜਰ ਖ਼ਿਲਾਫ ਬੈਂਕ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਅਤੇ ਧੋਖਾਦੇਹੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ 'ਮੁਕਤਸਰ ਕੇਂਦਰੀ ਸਹਿਕਾਰੀ ਬੈਂਕ' ਸ੍ਰੀ ਮੁਕਤਸਰ ਸਾਹਿਬ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਲਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੇਂਦਰੀ ਸਹਿਕਾਰੀ ਬੈਂਕ ਲਿਮਿਟੇਡ, ਸ਼ਾਖਾ ਥਾਂਦੇਵਾਲਾ ਦੇ ਸਾਬਕਾ ਮੈਨੇਜਰ ਸੁਖਦੇਵ ਸਿੰਘ ਨੇ 27 ਜਨਵਰੀ 2009 ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਨਾਲ ਵੱਡੀ ਧੋਖਾਦੇਹੀ ਕੀਤੀ। ਦੋਸ਼ਾਂ ਮੁਤਾਬਕ ਸੁਖਦੇਵ ਸਿੰਘ ਨੇ ਬੈਂਕ ਦੇ ਨਾਂ ਕੋਈ ਵੀ ਜਾਇਦਾਦ ਗਿਰਵੀ ਕਰਵਾਏ ਬਿਨਾਂ ਹੀ ਨਿਯਮਾਂ ਦੇ ਉਲਟ ਜਾ ਕੇ 5 ਲੱਖ ਰੁਪਏ ਦਾ ਮਕਾਨ ਨਿਰਮਾਣ ਕਰਜ਼ਾ ਜਾਰੀ ਕਰ ਦਿੱਤਾ ਅਤੇ ਬੈਂਕ ਨੂੰ ਵਿੱਤੀ ਨੁਕਸਾਨ ਪਹੁੰਚਾਇਆ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੁਲਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕਪਤਾਨ ਪੁਲਸ (ਇਨਵੈਸਟੀਗੇਸ਼ਨ/ਐੱਸ. ਪੀ. ਡੀ.) ਨੂੰ ਸੌਂਪੀ ਗਈ ਸੀ। ਐੱਸ. ਪੀ. (ਡੀ) ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਰਿਪੋਰਟ ਐੱਸ. ਐੱਸ. ਪੀ. ਕੋਲ ਭੇਜੀ ਗਈ। ਐੱਸ. ਐੱਸ. ਪੀ. ਦੀ ਮਨਜ਼ੂਰੀ ਅਤੇ ਹੁਕਮਾਂ ਤੋਂ ਬਾਅਦ ਇਹ ਮਾਮਲਾ ਥਾਣਾ ਸਦਰ ’ਚ ਪਹੁੰਚਿਆ, ਜਿਸ ਦੇ ਆਧਾਰ ’ਤੇ ਪੁਲਸ ਨੇ ਸਾਬਕਾ ਬੈਂਕ ਮੈਨੇਜਰ ਸੁਖਦੇਵ ਸਿੰਘ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News