ਮਲੋਟ ’ਚ 65 ਲੱਖ ਦੇ ਸੋਨੇ ਦੀ ਚੋਰੀ ਦਾ ਪਰਦਾਫਾਸ਼, 7 ’ਚੋਂ 5 ਮੁਲਜ਼ਮ ਗ੍ਰਿਫ਼ਤਾਰ
Saturday, Jun 06, 2026 - 01:31 PM (IST)
ਮਲੋਟ (ਗੋਇਲ) : ਮਲੋਟ ’ਚ 400 ਗ੍ਰਾਮ ਸੋਨੇ ਦੇ ਬਿਸਕੁਟ ਅਤੇ ਨਕਦੀ ਚੋਰੀ ਦੇ ਚਰਚਿਤ ਮਾਮਲੇ ’ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਸੱਤ ਮੁਲਜ਼ਮਾਂ ’ਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਘਰੇਲੂ ਨੌਕਰਾਣੀ ਰਾਣੀ ਸ਼ਰਮਾ, ਸੁਮਨ ਨਾਗਪਾਲ, ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਉਸ ਦੀ ਮਾਤਾ ਰਾਜਵੰਤ ਕੌਰ ਸ਼ਾਮਲ ਹਨ। ਜਦਕਿ ਮਾਡਰਨ ਜਵੈਲਰਜ਼ ਦੇ ਸੰਚਾਲਕ ਸੁਖਵਿੰਦਰ ਸਿੰਘ ਉਰਫ਼ ਸੁੱਖੀ ਅਤੇ ਸੁਰੇਸ਼ ਨਾਗਪਾਲ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਪੁਲਸ ਉਨ੍ਹਾਂ ਦੀ ਭਾਲ ਵਿਚ ਜੁਟੀ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਚੋਰੀ ਕੀਤੇ ਗਏ 400 ਗ੍ਰਾਮ ਸੋਨੇ ’ਚੋਂ ਕਰੀਬ 100 ਗ੍ਰਾਮ ਸੋਨੇ ਦੇ ਗਹਿਣੇ ਬਣਵਾ ਲਏ ਗਏ ਸਨ, ਜਦਕਿ ਕਰੀਬ 21 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ ਗਈ ਸੀ। ਪੁਲਸ ਵੱਲੋਂ ਮਾਮਲੇ ’ਚ ਚੋਰੀ ਕੀਤੇ ਗਏ ਸੋਨੇ ਅਤੇ ਰਕਮ ਦੀ ਰਿਕਵਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੁਲਸ ਨੇ ਦੱਸਿਆ ਕਿ ਹੁਣ ਤੱਕ ਦੀ ਕਾਰਵਾਈ ਦੌਰਾਨ ਕੁਝ ਸੋਨੇ ਦੇ ਗਹਿਣੇ ਅਤੇ ਕਰੀਬ 1 ਲੱਖ 80 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਬਾਕੀ ਸੋਨੇ ਅਤੇ ਰਕਮ ਦੀ ਬਰਾਮਦਗੀ ਲਈ ਵੀ ਯਤਨ ਜਾਰੀ ਹਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਗੁਰੂ ਨਾਨਕ ਨਗਰ ਨਿਵਾਸੀ ਬਲਦੇਵ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ ਉਸ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਰਾਣੀ ਸ਼ਰਮਾ ਨੇ ਅਲਮਾਰੀ ’ਚ ਰੱਖਿਆ 400 ਗ੍ਰਾਮ ਸੋਨੇ ਦਾ ਬਿਸਕੁਟ ਅਤੇ 50 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ ਸਨ। ਬਾਅਦ ’ਚ ਹੋਰ ਮੁਲਜ਼ਮਾਂ ਦੀ ਮਿਲੀਭੁਗਤ ਨਾਲ ਸੋਨਾ ਵੇਚ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਾਮਲੇ ’ਚ ਬਾਕੀ ਰਿਕਵਰੀ ਅਤੇ ਹੋਰ ਤੱਥਾਂ ਦੀ ਜਾਂਚ ਵੀ ਜਾਰੀ ਹੈ।
