'ਆਪ' ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਸੰਦੋਆ ਨੇ ਪਾਰਟੀ ਵੱਲੋਂ ਐਲਾਨੇ ਨਵੇਂ ਉਮੀਦਵਾਰ 'ਤੇ ਲਾਏ ਗੰਭੀਰ ਦੋਸ਼
Monday, Dec 27, 2021 - 02:57 AM (IST)
ਰੂਪਨਗਰ (ਸੱਜਣ ਸੈਣੀ)- ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ 'ਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਟ ਕੇ ਐਡਵੋਕੇਟ ਦਿਨੇਸ਼ ਚੱਢਾ ਨੂੰ ਦੇ ਦਿੱਤੀ ਗਈ ਹੈ । ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਵੱਲੋਂ ਐਲਾਨੇ ਨਵੇਂ ਉਮੀਦਵਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਦੀ ਸੱਚਾਈ ਤਾਂ ਹੁਣ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਰੂਪਨਗਰ ਹਲਕੇ ਤੋਂ ਅਮਰਜੀਤ ਸਿੰਘ ਸੰਦੋਆ ਨੂੰ ਟਿਕਟ ਦਿੱਤੀ ਗਈ ਸੀ ਉਸ ਸਮੇਂ ਅਮਰਜੀਤ ਸਿੰਘ ਸੰਦੋਆ ਦਿੱਲੀ 'ਚ ਟੈਕਸੀ ਦਾ ਧੰਦਾ ਕਰਦੇ ਸੀ ਅਤੇ ਇਨ੍ਹਾਂ ਚੋਣਾਂ 'ਚ ਵਿਧਾਨ ਸਭਾ ਹਲਕਾ ਰੂਪਨਗਰ ਦੇ ਵੋਟਰਾਂ ਵੱਲੋਂ ਵੱਡੇ ਬਹੁਮੱਤ ਦੇ ਨਾਲ ਅਮਰਜੀਤ ਸਿੰਘ ਸੰਦੋਆ ਨੂੰ ਜਤਾਇਆ ਸੀ ਪਰ ਅਮਰਜੀਤ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 'ਚ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੱਕਾਰ ਕਾਫ਼ੀ ਡਿੱਗ ਗਿਆ । ਹਾਲਾਂਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪਣੀ ਆਮ ਆਦਮੀ ਪਾਰਟੀ 'ਚ ਵਾਪਸੀ ਵੀ ਕਰ ਗਏ ਪਰ ਪਾਰਟੀ ਵੱਲੋਂ ਜਿਸ ਤਰ੍ਹਾਂ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਟ ਕੇ ਐਡਵੋਕੇਟ ਦਿਨੇਸ਼ ਚੱਢਾ ਨੂੰ ਦਿੱਤੀ ਗਈ ਹੈ ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਾਰਟੀ ਨੂੰ ਹੁਣ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਭਰੋਸਾ ਨਹੀਂ ਰਿਹਾ ।