ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਨਵਾਂ ਮੋੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਪਾਈ ਫੇਸਬੁੱਕ ਪੋਸਟ

Tuesday, Mar 15, 2022 - 10:02 PM (IST)

ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਨਵਾਂ ਮੋੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਪਾਈ ਫੇਸਬੁੱਕ ਪੋਸਟ

ਜਲੰਧਰ : ਨਕੋਦਰ ਦੇ ਪਿੰਡ ਮੱਲ੍ਹੀਆਂ ਖੁਰਦ ਵਿਚ ਬੀਤੀ ਸ਼ਾਮ 6 ਵਜੇ ਦੇ ਕਰੀਬ ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨਾਂ ਦੀ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਨੂੰ ਨਰਕ ਵੱਲ ਅਸੀਂ ਹੀ ਭੇਜਿਆ ਹੈ ਤੇ ਇਸ ਦਾ ਕਸੂਰ ਇਹ ਸੀ ਕਿ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦੇ ਹੋਏ ਆਪਣਾ ਕੰਮ ਕਢਵਾ ਲਿਆ ਅਤੇ ਫਿਰ ਲਾਰਾ ਲਗਾਈ ਰੱਖਿਆ ਅਤੇ ਬਾਅਦ ਵਿਚ ਵਿਦੇਸ਼ ਭੱਜ ਗਿਆ, ਅਸੀਂ ਇਸ ਨੂੰ ਮਾਰਿਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ।

ਇਹ ਵੀ ਪੜ੍ਹੋ : ਦੋ ਸਾਲ ਪਹਿਲਾਂ ਵਿਆਹੇ ਪੁੱਤ ਦੀ ਅਚਾਨਕ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ

ਜੱਗੂ ਭਗਵਾਨਪੁਰੀਆ ਨੇ ਦੱਸਿਆ ਫਰਜ਼ੀ
ਉਧਰ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਗੈਂਗਸਟਰ ਗਰੁੱਪ ਜੱਗੂ ਭਗਵਾਨਪੁਰੀਆ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਭਗਵਾਨਪੁਰੀਆ ਗਰੁੱਪ ਨੇ ਇਸ ਪੋਸਟ ਨੂੰ ਫਰਜ਼ੀ ਕਰਾਰ ਦਿੱਤਾ ਹੈ। ਜੱਗੂ ਭਗਵਾਨਪੁਰੀਆ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਸੰਦੀਪ ਨੰਗਲ ਅੰਬੀਆਂ ਸਾਡਾ ਭਰਾ ਸੀ ਅਤੇ ਹਮੇਸ਼ਾ ਰਹੇਗਾ। ਇਹ ਇਕ ਸੁਪਰਸਟਾਰ ਸੀ। ਬਹੁਤ ਦੁੱਖ ਹੈ ਉਸ ਦੇ ਚਲੇ ਜਾਣ ਦਾ। ਰੋਜ਼-ਰੋਜ਼ ਅਜਿਹੇ ਪੁੱਤ ਨਹੀਂ ਜੰਮਦੇ। ਅਸੀਂ ਕਬੱਡੀ ਨੂੰ ਪਰਮੋਟ ਕਰਦੇ ਹਾਂ। ਕੋਈ ਵੀ ਬਿਨਾਂ ਕਿਸੇ ਗੱਲ ਤੋਂ ਫੇਕ ਖ਼ਬਰ ਨਾ ਚਲੀ ਜਾਵੇ। ਪਹਿਲਾਂ ਸਭ ਵੈਰੀਫਾਈ ਕੀਤਾ ਜਾਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ‘ਜਗ ਬਾਣੀ’ ਇਨ੍ਹਾਂ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਪੋਸਟ ਅਸਲੀ ਹਨ ਜਾਂ ਫੇਕ, ਫਿਲਹਾਲ ਇਹ ਹੁਣ ਜਾਂਚ ਦਾ ਵਿਸ਼ਾ ਜ਼ਰੂਰ ਬਣ ਚੁੱਕਾ ਹੈ।

ਇਹ ਵੀ ਪੜ੍ਹੋ : ਪਰਿਵਾਰ ’ਤੇ ਆ ਡਿੱਗਾ ਦੁੱਖਾਂ ਦਾ ਪਹਾੜ, 6 ਭੈਣਾਂ ਦੇ ਇਕਲੌਤੇ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ

PunjabKesari

ਕੱਬਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਸੀ ਕਤਲ
ਦੱਸਣਯੋਗ ਹੈ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖੁਰਦ ’ਚ ਇਕ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੰਦੀਪ ਨੰਗਲ ਅੰਬੀਆਂ (38) ਪੁੱਤਰ ਸਰਵਨ ਸਿੰਘ ਕਬੱਡੀ ਦਾ ਚਮਕਦਾ ਸਿਤਾਰਾ ਅੰਤਰਰਾਸ਼ਟਰੀ ਖਿਡਾਰੀ ਸੀ। ਪਿੰਡ ਮੱਲ੍ਹੀਆਂ ’ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਕਿ ਇਸ ਦੌਰਾਨ 4-5 ਅਣਪਛਾਤੇ ਵਿਅਕਤੀ ਗੱਡੀ ’ਚ ਆਏ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਹਮਲਾਵਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਦੇ ਛੱਰੇ ਟੂਰਨਾਮੈਂਟ ਦੇਖ ਰਹੇ 2 ਹੋਰ ਨੌਜਵਾਨਾਂ ਦੇ ਵੀ ਲੱਗੇ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਖ਼ਬਰ ਮਿਲਦਿਆਂ ਹੀ ਸੰਦੀਪ ਨੰਗਲ ਅੰਬੀਆਂ ਨੂੰ ਚਾਹੁਣ ਵਾਲੇ ਨੌਜਵਾਨ, ਦੋਸਤ, ਕਬੱਡੀ ਖਿਡਾਰੀ ਅਤੇ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ’ਚ ਹਸਪਤਾਲ ’ਚ ਪਹੁੰਚ ਗਏ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News