ਸਮਰਾਲਾ ''ਚ ਨਸ਼ਾ ਛੁਡਾਊ ਕੇਂਦਰ ''ਤੇ ਪੁਲਸ ਦੀ ਰੇਡ, 40 ਵਿਅਕਤੀਆਂ ਨੂੰ ਛੁਡਾਇਆ

09/30/2018 10:00:20 PM

ਸਮਰਾਲਾ (ਗਰਗ)— ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਖੀਰਨੀਆਂ ਵਿਖੇ ਅੱਜ ਪੁਲਸ ਨੇ ਡਿਊਟੀ ਮੈਜਿਸਟ੍ਰੇਟ ਅਤੇ ਸੀਨੀਅਰ ਮੈਡੀਕਲ ਅਫਸਰ ਨੂੰ ਨਾਲ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਰੇਡ ਕਰਕੇ ਇਥੇ ਜ਼ਬਰੀ ਤੌਰ 'ਤੇ ਰੱਖੇ ਗਏ 40 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ। ਐੱਸ.ਪੀ. ਡੀ. ਜਸਵੀਰ ਸਿੰਘ ਵੱਲੋਂ ਗੁਪਤ ਸੂਚਨਾ ਮਿਲਣ 'ਤੇ ਤਹਿਸੀਲਦਾਰ ਵਿਜੈ ਕੁਮਾਰ ਅਤੇ ਸਮਰਾਲਾ ਦੇ ਐੱਸ.ਐੱਮ.ਓ. ਨੂੰ ਨਾਲ ਲੈ ਕੇ ਇਹ ਰੇਡ ਕੀਤੀ ਅਤੇ ਇਸ ਨਸ਼ਾ ਛੁਡਾਊ ਕੇਂਦਰ ਦੇ ਦੋ ਸੰਚਾਲਕਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।

ਪੁਲਸ ਵੱਲੋਂ ਨਸ਼ਾ ਛੁਡਾਊ ਕੇਂਦਰ 'ਚੋਂ ਅਜ਼ਾਦ ਕਰਵਾਏ ਗਏ ਸਾਰੇ 40 ਵਿਅਕਤੀਆਂ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਉਪਰੰਤ ਉਨ੍ਹਾਂ ਨੂੰ ਪਰਿਵਾਰਾਂ ਹਵਾਲੇ ਕਰਨ ਮਗਰੋਂ ਪੁਲਸ ਨੇ ਇਸ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ, ਕਿ ਜਦੋਂ ਪੁਲਸ ਨੇ ਇਸ ਨਸ਼ਾ ਛੁਡਾਊ ਕੇਂਦਰ 'ਤੇ ਰੇਡ ਕੀਤੀ ਤਾਂ ਉਥੋਂ ਇਕ ਸੰਚਾਲਕ ਪੁਲਸ ਨੂੰ ਵੇਖ ਕੇ ਫਰਾਰ ਹੋ ਗਿਆ। ਪੁਲਸ ਨੇ ਇਸ ਨਸ਼ਾ ਛੁਡਾਊ ਕੇਂਦਰ ਜਿਸ ਦੇ ਬਾਹਰ ਗੁਮਿਤ ਵਿਦਿਆਲਿਆ ਦਾ ਬੋਰਡ ਲੱਗਾ ਹੋਇਆ ਸੀ, ਦੀ ਡੂੰਘੀ ਛਾਣਬੀਣ ਕਰਦੇ ਹੋਏ ਉਥੋਂ ਦਾ ਰਿਕਾਰਡ ਅਤੇ ਹੋਰ ਕਈ ਚੀਜਾਂ ਨੂੰ ਚੈੱਕ ਕੀਤਾ ਹੈ।

ਕਿਰਾਏ ਦੀ ਕੋਠੀ 'ਚ ਚੱਲ ਰਿਹਾ ਸੀ ਕੇਂਦਰ
ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਵੱਲੋਂ ਪਿੰਡ 'ਚ ਪਿੱਛਲੇ 6 ਮਹੀਨੇ ਤੋਂ ਇਕ ਕੋਠੀ ਨੂੰ ਕਿਰਾਏ 'ਤੇ ਲੈ ਕੇ ਉਥੇ ਇਹ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ। ਉਥੇ ਅੰਦਰ ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਆਏ 40 ਵਿਅਕਤੀਆਂ ਨੂੰ ਬੜੀ ਬੁਰੀ ਹਾਲਤ 'ਚ ਰੱਖਿਆ ਹੋਇਆ ਸੀ। ਅਜ਼ਾਦ ਹੋਣ ਮਗਰੋਂ ਨਸ਼ਾ ਪੀੜਿਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਰਤੀ ਤਾਂ ਨਸ਼ਾ ਛੁਡਾਊਣ ਲਈ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਕੁਝ ਖਾਣ-ਪੀਣ ਲਈ ਵੀ ਨਹੀਂ ਦਿੱਤਾ ਜਾਂਦਾ ਸੀ।


Related News