ਸਮਰਾਲਾ ਪੁਲਸ ਨੇ ਫਲੈਗ ਮਾਰਚ ਕੱਢ ਕੇ ਕੀਤਾ ਜ਼ਬਰਦਸਤ ਸ਼ਕਤੀ ਦਾ ਪ੍ਰਦਰਸ਼ਨ

08/22/2017 5:03:32 PM


ਸਮਰਾਲਾ(ਗਰਗ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਅਦਾਲਤ ਵਿੱਚ ਪੇਸ਼ੀ ਨੂੰ ਲੈ ਕੇ ਪੰਜਾਬ ਅੰਦਰ ਹਾਲਾਤ ਵਿਗੜਨ ਦੇ ਖਦਸ਼ੇ ਨੂੰ ਲੈ ਕੇ ਪੰਜਾਬ ਪੁਲਸ ਵੱਲੋਂ ਆਪਣੀਆਂ ਗਤੀਵਿਧੀਆਂ ਵਿੱਚ ਵੱਡੇ ਪੱਧਰ 'ਤੇ ਤੇਜ਼ੀ ਲਿਆਂਦੀ ਗਈ ਹੈ। ਸਮਰਾਲਾ ਪੁਲਸ ਵੱਲੋਂ ਅੱਜ ਫਲੈਗ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਕਰਦਿਆਂ ਡੀ. ਐੱਸ. ਪੀ. ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਚੇਤ ਹੋਈ ਪੁਲਸ ਨੇ ਗੜਬੜੀ ਅਤੇ ਭੰਨਤੋੜ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ 'ਅਮਨ-ਕਾਨੂੰਨ' ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸ਼ਹਿਰ 'ਚ  ਵਿਸ਼ੇਸ਼ 'ਸਰਚ ਅਪ੍ਰੇਸ਼ਨ' ਆਰੰਭ ਕਰ ਦਿੱਤਾ ਗਿਆ ਹੈ ਅਤੇ ਭੀੜ-ਭਾੜ ਵਾਲੀਆਂ ਮੁੱਖ ਥਾਵਾਂ ਸਮੇਤ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਸ਼ਹਿਰ ਦੇ ਅਹਿਮ ਪੁਆਇੰਟਾਂ ਉੱਪਰ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਜਵਾਨਾਂ ਵੱਲੋਂ ਦਿਨ ਰਾਤ ਲਗਾਤਾਰ ਪੁਲਸ ਨਾਕੇ ਅਤੇ ਗਸ਼ਤ ਰਾਹੀਂ ਮਾਹੌਲ 'ਤੇ ਤਿੱਖੀ ਨਿਗਾ ਰੱਖੀ ਜਾ ਰਹੀ ਹੈ।
ਥਾਣਾ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਨਾਲ ਲੱਗਦੇ ਸ਼ਹਿਰ ਖਮਾਣੋਂ, ਸਾਹਨੇਵਾਲ, ਪਾਇਲ, ਖੰਨਾ ਅਤੇ ਨਵਾਂ ਸ਼ਹਿਰ ਦੇ ਥਾਣਾ ਮੁਖੀਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਗਿਆ ਹੈ ਤਾਂ ਜੋ ਇੱਕ-ਦੂਜੇ ਦੇ ਖੇਤਰਾਂ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਘੁਸਪੈਠ ਨਾ ਕਰ ਸਕੇ। ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਨਾਲ ਨਿਪਟਣ ਲਈ  ਵਿਸ਼ੇਸ਼ ਟਾਸਕ ਫੋਰਸ ਦੀਆਂ ਟੁਕੜੀਆਂ ਪੰਜਾਬ ਪੁਲਸ ਦੀ ਮੱਦਦ ਲਈ ਸਮਰਾਲਾ ਪਹੁੰਚ ਚੁੱਕੀਆਂ ਹਨ। ਅੱਜ ਵਿਸ਼ੇਸ਼ ਟਾਸਕ ਫੋਰਸ ਅਤੇ ਸਮਰਾਲਾ ਪੁਲਸ ਵੱਲੋਂ ਸਾਂਝੇ ਰੂਪ ਵਿੱਚ ਇਹ ਫਲੈਗ ਮਾਰਚ ਕੱਢਿਆ ਗਿਆ। 
 


Related News