ਜਨਰਲ ਉਪੇਂਦਰ ਦਿਵੇਦੀ ਨੇ ਸੰਭਾਲਿਆ ਨਵੇਂ ਫ਼ੌਜ ਮੁਖੀ ਦਾ ਅਹੁਦਾ

Sunday, Jun 30, 2024 - 01:10 PM (IST)

ਨਵੀਂ ਦਿੱਲੀ (ਭਾਸ਼ਾ)- ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ 30ਵੇਂ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਜਨਰਲ ਪਾਂਡੇ ਦੇ ਸਥਾਨ ਲਿਆ ਹੈ। ਜਨਰਲ ਦਿਵੇਦੀ ਨੂੰ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਕੰਮ ਕਰਨ ਦਾ ਵਿਆਪਕ ਅਨੁਭਵ ਹੈ। ਉਹ ਉੱਪ ਫ਼ੌਜ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ। ਜਨਰਲ ਦਿਵੇਦੀ 19 ਫਰਵਰੀ ਨੂੰ ਫ਼ੌਜ ਦੇ ਉੱਪ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ 2022-24 ਤੱਕ ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਰਹੇ ਸਨ। ਉਨ੍ਹਾਂ ਨੇ 13 ਲੱਖ ਜਵਾਨਾਂ ਵਾਲੀ ਫ਼ੌਜ ਦੀ ਕਮਾਨ ਅਜਿਹੇ ਸਮੇਂ ਸੰਭਾਲੀ ਹੈ, ਜਦੋਂ ਭਾਰਤ ਚੀਨ ਨਾਲ ਅਸਲ ਕੰਟਰੋਲ ਰੇਖਾ 'ਤੇ ਚੁਣੌਤੀਆਂ ਸਮੇਤ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਫ਼ੌਜ ਮੁਖੀ ਵਜੋਂ ਉਨ੍ਹਾਂ ਨੂੰ ਏਕੀਕ੍ਰਿਤ ਕਮਾਨ ਸ਼ੁਰੂ ਕਰਨ ਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ 'ਤੇ ਜਲ ਸੈਨਾ ਅਤੇ ਭਾਰਤੀ ਹਵਾਈ ਫ਼ੌਜ ਨਾਲ ਵੀ ਤਾਲਮੇਲ ਬਣਾਉਣਾ ਪਵੇਗਾ।

ਰੀਵਾ ਦੇ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਜਨਰਲ ਦਿਵੇਦੀ 15 ਦਸੰਬਰ 1984 ਨੂੰ ਭਾਰਤੀ ਫ਼ੌਜ ਦੀ 18 ਜੰਮੂ ਕਸ਼ਮੀਰ ਰਾਈਫਲਜ਼ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਬਾਅਦ 'ਚ ਇਸ ਇਕਾਈ ਦੀ ਕਮਾਨ ਵੀ ਸੰਭਾਲੀ। ਕਰੀਬ 40 ਸਾਲ ਦੇ ਆਪਣੇ ਲੰਬੇ ਅਤੇ ਅਸਾਧਾਰਣ ਕਰੀਅਰ 'ਚ ਉਹ ਵੱਖ-ਵੱਖ ਅਹੁਦਿਆਂ 'ਤੇ ਰਹੇ। ਉਨ੍ਹਾਂ ਨੂੰ ਪਰਮ ਵਿਸ਼ੇਸ਼ ਸੇਵਾ ਤਮਗਾ ਅਤੇ ਬੇਹੱਦ ਵਿਸ਼ੇਸ਼ ਸੇਵਾ ਤਮਗੇ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਮਾਨ ਦੇ ਕਮਾਂਡਰ ਵਜੋਂ ਜਨਰਲ ਦਿਵੇਦੀ ਨੇ ਜੰਮੂ ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਦੇ ਸੰਚਾਲਣ ਤੋਂ ਇਲਾਵਾ, ਉੱਤਰੀ ਅਤੇ ਪੱਛਮੀ ਸਰਹੱਦਾਂ 'ਤੇ ਮੁਹਿੰਮ ਦੇ ਸੰਚਾਲਣ ਦੀ ਯੋਜਨਾ ਅਤੇ ਲਾਗੂ ਕਰਨ ਲਈ ਰਣਨੀਤਕ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਨਰਲ ਦਿਵੇਦੀ ਸਰਹੱਦ ਵਿਵਾਦ ਨੂੰ ਹੱਲ ਕਰਨ 'ਚ ਚੀਨ ਨਾਲ ਜਾਰੀ ਗੱਲਬਾਤ 'ਚ ਸਰਗਰਮ ਰੂਪ ਨਾਲ ਸ਼ਾਮਲ ਰਹੇ। ਉਹ ਭਾਰਤੀ ਫ਼ੌਜ ਦੀ ਸਭ ਤੋਂ ਵੱਡੀ ਫ਼ੌਜ ਕਮਾਨ ਦੇ ਆਧੁਨਿਕੀਕਰਨ 'ਚ ਵੀ ਸ਼ਾਮਲ ਰਹੇ। ਉਨ੍ਹਾਂ ਨੇ 'ਆਤਮਨਿਰਭਰ ਭਾਰਤ' ਦੇ ਅਧੀਨ ਸਵਦੇਸ਼ੀ ਹਥਿਆਰਾਂ ਨੂੰ ਅਪਣਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News