ਅਮਰਨਾਥ ਯਾਤਰਾ : ਜੰਮੂ ਆਧਾਰ ਕੈਂਪ ਤੋਂ 6,600 ਤੋਂ ਵੱਧ ਤੀਰਥ ਯਾਤਰੀਆਂ ਦਾ ਤੀਜਾ ਜੱਥਾ ਰਵਾਨਾ
Sunday, Jun 30, 2024 - 02:52 PM (IST)
ਜੰਮੂ (ਭਾਸ਼ਾ)- ਦੱਖਣ ਕਸ਼ਮੀਰ ਹਿਮਾਲਿਆ ਸਥਿਤ ਗੁਫ਼ਾ ਮੰਦਰ ਲਈ ਜੰਮੂ 'ਚ ਭਗਵਤੀ ਨਗਰ ਆਧਾਰ ਕੈਂਪ ਤੋਂ 6,619 ਤੀਰਥ ਯਾਤਰੀਆਂ ਦਾ ਤੀਜਾ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 52 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਕਰੀਬ 14,000 ਤੀਰਥ ਯਾਤਰੀਆਂ ਨੇ 3,880 ਮੀਟਰ ਦੀ ਉੱਚਾਈ 'ਤੇ ਸਥਿਤ ਗੁਫ਼ਾ ਮੰਦਰ 'ਚ ਬਾਬਾ ਬਰਫ਼ਾਨੀ ਦੇ ਦਰਸ਼ਨ ਕੀਤੇ। ਇਹ ਯਾਤਰਾ ਅਨੰਤਨਾਗ 'ਚ ਪਹਿਲਗਾਮ ਅਤੇ ਗਾਂਦੇਰਬਲ ਜ਼ਿਲ੍ਹੇ 'ਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਈ।
ਐਤਵਾਰ ਤੜਕੇ 3.50 ਵਜੇ ਅਤੇ 4.45 ਵਜੇ 2 ਸਮੂਹਾਂ 'ਚ ਤੀਜਾ ਜੱਥਾ 319 ਵਾਹਨਾਂ 'ਤੇ ਸਵਾਰ ਹੋ ਕੇ ਨਿਕਲਿਆ। ਤੀਜੇ ਜੱਥੇ 'ਚ 1,141 ਔਰਤਾਂ ਵੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀਆਂ ਦੇ ਕਸ਼ਮੀਰ ਲਈ ਰਵਾਨਾ ਹੋਣ ਦੇ ਸਮੇਂ ਜੰਮੂ 'ਚ ਮੀਂਹ ਪੈ ਰਿਹਾ ਸੀ।
ਉਨ੍ਹਾਂ ਦੱਸਿਆ ਕਿ 3,838 ਤੀਰਥ ਯਾਤਰੀਆਂ ਨੇ ਪਹਿਲਗਾਮ ਮਾਰਗ ਅਤੇ 2,781 ਤੀਰਥ ਯਾਤਰੀਆਂ ਨੇ ਬਾਲਟਾਲ ਮਾਰਗ ਤੋਂ ਯਾਤਰਾ ਕਰਨ ਦਾ ਬਦਲ ਚੁਣਿਆ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ ਅਤੇ ਉਦੋਂ ਤੋਂ ਕੁੱਲ 13,103 ਤੀਰਥ ਯਾਤਰੀ ਜੰਮੂ ਆਧਾਰ ਕੈਂਪ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਚੁੱਕੇ ਹਨ। ਇਹ ਤੀਰਥ ਯਾਤਰਾ 19 ਅਗਸਤ ਨੂੰ ਸੰਪੰਨ ਹੋਵੇਗੀ। ਪਿਛਲੇ ਸਾਲ 4.5 ਲੱਖ ਸ਼ਰਧਾਲੂਆਂ ਨੇ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e