ਬ੍ਰਿਟੇਨ ਦੇ PM ਸੁਨਕ ਨੇ ਚੋਣ ਪ੍ਰਚਾਰ ਦੌਰਾਨ ਸਵਾਮੀਨਾਰਾਇਣ ਮੰਦਰ ''ਚ ਕੀਤੇ ਦਰਸ਼ਨ
Sunday, Jun 30, 2024 - 12:25 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਆਖ਼ਰੀ ਹਫ਼ਤੇ ਲੰਡਨ ਸਥਿਤ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ 'ਚ ਪੂਜਾ ਕੀਤੀ। ਇਸ ਮੰਦਰ ਨੂੰ ਨੇਸਡੇਨ ਮੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਦਾ ਕਾਫ਼ਲਾ ਸ਼ਨੀਵਾਰ ਸ਼ਾਮ ਨੂੰ ਜਦੋਂ ਮੰਦਰ ਦੇ ਕੰਪਲੈਕਸ 'ਚ ਪਹੁੰਚਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ। ਇਸ ਤੋਂ ਬਾਅਦ ਦੋਹਾਂ ਨੇ ਪੁਜਾਰੀਆਂ ਦੇ ਮਾਰਗ ਦਰਸ਼ਨ 'ਚ ਪੂਜਾ ਕੀਤੀ।
ਰਿਸ਼ੀ ਸੁਨਕ ਨੇ ਮੰਦਰ 'ਚ ਦਰਸ਼ਨ ਕਰਨ ਤੋਂ ਬਾਅਦ ਸਵੈ ਸੇਵਕਾਂ ਅਤੇ ਭਾਈਚਾਰੇ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ। ਕ੍ਰਿਕਟ ਪ੍ਰਸ਼ੰਸਕ ਸੁਨਕ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਦੇ ਜ਼ਿਕਰ ਨਾਲ ਕੀਤੀ। ਉਨ੍ਹਾਂ ਕਿਹਾ,''ਮੈਂ ਤੁਹਾਡੇ ਸਾਰਿਆਂ ਦੀ ਤਰ੍ਹਾਂ ਹਿੰਦੂ ਹਾਂ ਅਤੇ ਮੇਰਾ ਧਰਮ ਮੈਨੂੰ ਪ੍ਰੇਰਿਤ ਕਰਦਾ ਹੈ।'' ਰਿਸ਼ੀ ਸੁਨਕ ਨੇ ਕਿਹਾ,''ਮੈਨੂੰ ਸੰਸਦ ਮੈਂਬਰ ਵਜੋਂ 'ਭਗਵਦ ਗੀਤਾ' 'ਤੇ ਹੱਥ ਰੱਖ ਕੇ ਸਹੁੰ ਚੁੱਕਣ 'ਤੇ ਮਾਣ ਹੈ। ਸਾਡਾ ਧਰਮ ਸਿਖਾਉਂਦਾ ਹੈ ਕਿ ਸਾਨੂੰ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਅਤੇ ਜੇਕਰ ਅਸੀਂ ਇਸ ਨੂੰ ਈਮਾਨਦਾਰੀ ਨਾਲ ਨਿਭਾ ਰਹੇ ਹਾਂ ਤਾਂ ਸਾਨੂੰ ਨਤੀਜੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ।'' ਉਨ੍ਹਾਂ ਕਿਹਾ,''ਮੇਰੇ ਪ੍ਰਿਯ ਮਾਤਾ-ਪਿਤਾ ਨੇ ਮੈਨੂੰ ਇਹੀ ਸਿਖਾਇਆ ਹੈ ਅਤੇ ਮੈਂ ਇਸੇ ਤਰ੍ਹਾਂ ਆਪਣਾ ਜੀਵਨ ਜਿਉਂਦਾ ਹਾਂ। ਇਹੀ ਮੈਂ ਆਪਣੀਆਂ ਧੀਆਂ ਨੂੰ ਸਿਖਾਉਣਾ ਚਾਹੁੰਦਾ ਹਾਂ। ਇਹ ਧਰਮ ਹੀ ਹੈ ਜੋ ਜਨਤਕ ਸੇਵਾ ਦੇ ਪ੍ਰਤੀ ਮੇਰੇ ਦ੍ਰਿਸ਼ਟੀਕੋਣ 'ਚ ਮੇਰਾ ਮਾਰਗ ਦਰਸ਼ਨ ਕਰਦਾ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e