ਦੋਸਤ ਹੀ ਬਣਿਆ ਦੋਸਤ ਦਾ ਦੁਸ਼ਮਣ, ਇੰਝ ਰਚੀ ਕਤਲ ਦੀ ਸਾਜਿਸ਼

04/24/2019 2:56:52 PM

ਸਮਾਣਾ (ਬਲਜਿੰਦਰ, ਦਰਦ)—ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਿੰਡ ਧਨੇਠਾ 'ਚ ਖੇਤ ਮਜ਼ਦੂਰ ਵੱਲੋਂ ਆਪਣੇ ਭਰਾ ਦੀ ਮਦਦ ਨਾਲ ਸਾਥੀ ਖੇਤ ਮਜ਼ਦੂਰ ਦਾ ਕਤਲ ਕਰ ਕੇ ਲਾਸ਼ ਖੇਤ 'ਚ ਦੱਬ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੱਕ ਦੇ ਆਧਾਰ 'ਤੇ ਕਾਬੂ ਕੀਤੇ ਗਏ ਕਥਿਤ ਹਤਿਆਰੇ ਭਰਾਵਾਂ ਤੋਂ ਪੁੱਛਗਿੱਛ ਉਪਰੰਤ ਹੋਏ ਖੁਲਾਸੇ 'ਤੇ ਬੁੱਧਵਾਰ ਦੁਪਹਿਰ ਬਾਅਦ ਸੈਂਕੜੇ ਪਿੰਡ ਵਾਸੀਆਂ ਦੇ ਸਾਹਮਣੇ ਖੇਤ 'ਚ ਦੱਬੀ ਲਾਸ਼ ਨੂੰ ਪੁਲਸ ਵੱਲੋਂ ਕੱਢਿਆ ਗਿਆ। ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਵਜੋਂ ਤਹਿਸੀਲਦਾਰ ਸੰਦੀਪ ਸਿੰਘ, ਡੀ. ਐੱਸ. ਪੀ. ਸਮਾਣਾ ਜਸਵੰਤ ਸਿੰਘ ਮਾਂਗਟ, ਸਦਰ ਪੁਲਸ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਅਤੇ ਸਬੰਧਤ ਪੁਲਸ ਚੌਕੀ ਮਵੀ ਦੇ ਇੰਚਾਰਜ ਸੁਖਚੈਨ ਸਿੰਘ ਭਾਰੀ ਗਿਣਤੀ 'ਚ ਪੁਲਸ ਫੋਰਸ ਸਮੇਤ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਪਿੰਡ ਧਨੇਠਾ ਦੇ ਕਿਸਾਨ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਪ੍ਰਦੀਪ ਸਿੰਘ ਕੋਲ ਗੁਰਜੰਟ ਸਿੰਘ ਪੁੱਤਰ ਜਗੀਰ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਧਨੇਠਾ ਖੇਤ ਮਜ਼ਦੂਰ ਵਜੋਂ ਕਈ ਸਾਲ ਤੋਂ ਕੰਮ ਕਰਦੇ ਸੀ। ਮ੍ਰਿਤਕ ਜਗਤਾਰ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਪੁਲਸ ਅਧਿਕਾਰੀਆਂ ਅਨੁਸਾਰ 21 ਅਪ੍ਰੈਲ ਦੀ ਰਾਤ ਨੂੰ ਖੇਤ 'ਚ ਚਾਰੇ ਨੂੰ ਪਾਣੀ ਲਾਉਣ ਲਈ ਕਿਸਾਨ ਪ੍ਰਦੀਪ ਸਿੰਘ ਵੱਲੋਂ ਗੁਰਜੰਟ ਸਿੰਘ ਦੀ ਡਿਊਟੀ ਲਾਈ ਹੋਈ ਸੀ। ਉਸ ਨੇ ਆਪਣੇ ਸਾਥੀ ਮਜ਼ਦੂਰ ਜਗਤਾਰ ਸਿੰਘ ਨੂੰ ਵੀ ਪਾਣੀ ਲਾਉਣ 'ਚ ਸਾਥ ਦੇਣ ਲਈ ਖੇਤ 'ਚ ਬੁਲਾ ਲਿਆ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਹਿਲਾਂ ਤੋਂ ਹੀ ਬੁਲਾਏ ਆਪਣੇ ਭਰਾ ਗੁਰਵਿੰਦਰ ਸਿੰਘ ਉਰਫ ਗੁਰੀ ਨਾਲ ਮਿਲ ਕੇ ਤੇਜ਼ਧਾਰ ਲੋਹੇ ਦੀ ਰਾਡ ਨਾਲ ਸਿਰ ਅਤੇ ਛਾਤੀ 'ਚ ਮਾਰ ਕੇ ਜਗਤਾਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀ ਲਾਸ਼ ਉਥੇ ਖੇਤ 'ਚ ਉੱਚੀ ਥਾਂ 'ਤੇ ਟੋਆ ਪੁੱਟ ਕੇ ਦੱਬ ਦਿੱਤੀ। ਉੱਪਰ ਝਾੜੀਆਂ ਪਾ ਕੇ ਟੋਏ ਨੂੰ ਲੁਕੋ ਦਿੱਤਾ ਗਿਆ। ਜਗਤਾਰ ਸਿੰਘ 2 ਬੱਚਿਆਂ ਦਾ ਪਿਤਾ ਸੀ। 2 ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ।

ਕਿਵੇਂ ਹੋਇਆ ਖੁਲਾਸਾ
22 ਅਪ੍ਰੈਲ ਦੀ ਸਵੇਰੇ ਕੰਮ 'ਤੇ ਨਾ ਆਉਣ ਲਈ ਕਿਸਾਨ ਪ੍ਰਦੀਪ ਸਿੰਘ ਜਦੋਂ ਜਗਤਾਰ ਸਿੰਘ ਨੂੰ ਸੱਦਣ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ 'ਚ ਖੇਤ ਜਾਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਪ੍ਰਦੀਪ ਸਿੰਘ ਨੂੰ ਜਗਤਾਰ ਦੇ ਰਾਤ ਸਮੇਂ ਖੇਤ 'ਚ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਗੁਰਜੰਟ ਨੇ ਵੀ ਰਾਤ ਸਮੇਂ ਪਾਣੀ ਲਾਉਂਦਿਆਂ ਜਗਤਾਰ ਦੇ ਖੇਤ 'ਚ ਆਉਣ 'ਤੇ ਇਨਕਾਰ ਕੀਤਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਭਾਲ ਦੇ ਬਾਵਜੂਦ ਜਗਤਾਰ ਦਾ ਕੋਈ ਪਤਾ ਨਾ ਲੱਗਣ ਤੋਂ ਬਾਅਦ ਸਬੰਧਤ ਪੁਲਸ ਚੌਕੀ ਮਵੀ ਨੂੰ ਇਸ ਦੀ ਸੂਚਨਾ ਦਿੱਤੀ। ਹੱਤਿਆ ਦਾ ਦੋਸ਼ ਲੱਗਣ 'ਤੇ ਪੁਲਸ ਨੇ ਪੁੱਛਗਿੱਛ ਲਈ ਗੁਰਜੰਟ ਸਿੰਘ ਅਤੇ ਉਸ ਦੇ ਭਰਾ ਗੁਰਵਿੰਦਰ ਗੁਰੀ ਨੂੰ ਥਾਣੇ ਲਿਆਂਦਾ ਗਿਆ, ਜਿਨ੍ਹਾਂ ਪੁਲਸ ਵੱਲੋਂ ਕੀਤੀ ਗਈ ਸਖਤ ਪੁੱਛਗਿੱਛ ਦੌਰਾਨ ਹੱਤਿਆ ਦਾ ਪੂਰਾ ਰਾਜ ਖੋਲ੍ਹ ਦਿੱਤਾ। ਪੁਲਸ ਨੇ ਮੁਲਜ਼ਮ ਗੁਰਜੰਟ ਸਿੰਘ ਅਤੇ ਗੁਰਵਿੰਦਰ ਸਿੰਘ ਗੁਰੀ ਦੋਵਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।


Shyna

Content Editor

Related News