ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 21 ਬੱਚਿਆਂ ਤੋਂ ਠੱਗੇ 47.50 ਲੱਖ
Friday, Feb 15, 2019 - 09:15 AM (IST)
ਸਮਾਣਾ (ਦਰਦ) : ਸ਼ਹਿਰ ਦੀ ਇਕ ਕੰਪਿਊਟਰ ਸੈਂਟਰ ਮਾਲਕਣ ਦੀ ਪੁੱਤਰੀ ਸਮੇਤ ਕੰਪਿਊਟਰ ਸੈਂਟਰ ਵਿਚ ਟ੍ਰੇਨਿੰਗ ਲੈ ਰਹੇ 21 ਬੱਚਿਆਂ ਨੂੰ ਸਰਕਾਰੀ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 47.50 ਲੱਖ ਰੁਪਏ ਠੱਗਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਵਲੋਂ ਕਕਰਲਾ ਨਿਵਾਸੀ ਪਿਉ-ਪੁੱਤਰ ਸਮੇਤ 5 ਵਿਅਕਤੀਆਂ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਅਨੰਦ ਕਾਲੋਨੀ ਦੇ ਪ੍ਰਤਿਭਾ ਕੰਪਿਊਟਰ ਦੀ ਮਾਲਕਣ ਬੀਨਾ ਰਾਣੀ ਵਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਸੈਂਟਰ 'ਚ ਕਕਰਾਲਾ ਪਿੰਡ ਦੇ ਅੰਗਰੇਜ਼ ਮਾਨ ਤੇ ਉਸ ਦਾ ਪੁੱਤਰ ਦਲਜੋਤ ਮਾਨ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ। ਸੈਂਟਰ 'ਚ ਸਿੱਖਿਆ ਤੇ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਸਰਕਾਰੀ ਹਸਪਤਾਲਾਂ 'ਚ, ਸੈਨਾ, ਏਅਰ ਫੋਰਸ, ਜੰਗਲਾਤ ਵਿਭਾਗ, ਰੇਲਵੇ, ਸੇਵਾ ਕੇਂਦਰਾਂ, ਬਿਜਲੀ ਬੋਰਡ, ਫੂਡ ਸਪਲਾਈ ਤੇ ਬੈਂਕਾਂ ਆਦਿ 'ਚ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 21 ਲੜਕੇ-ਲੜਕਿਆਂ ਤੋਂ ਐਡਵਾਂਸ 'ਚ 2 ਤੋਂ ਲੈ ਕੇ ਸਾਢੇ 4 ਲੱਖ ਰੁਪਏ ਤੱਕ ਠਗਦਿਆਂ ਕੁੱਲ 47.50 ਲੱਖ ਰੁਪਏ ਠੱਗ ਲਏ। ਇੱਥੋਂ ਤੱਕ ਕਿ ਉਨ੍ਹਾਂ ਨੂੰ ਫਰਜ਼ੀ ਟ੍ਰੇਨਿੰਗ ਲਈ ਜਾਮਨਗਰ (ਗੁਜਰਾਤ) ਵੀ ਲੈ ਗਏ। ਝੂਠੇ ਫਰਜ਼ੀ ਆਫਰ ਲੈਂਟਰ ਵੀ ਦਿੱਤੇ ਗਏ। ਇਸ ਧੋਖਾਦੇਹੀ ਵਿਚ ਉਕਤ ਪਿਉ-ਪੁੱਤਰ ਨੇ ਆਪਣੇ ਨਾਲ ਹਿਸਾਰ ਨਿਵਾਸੀ ਵਿਕਰਮ ਦਲਾਲ, ਵਿਵੇਕ ਯਾਦਵ ਅਤੇ ਕ੍ਰਿਪਾਲ ਸਿੰਘ ਨੂੰ ਵੀ ਸ਼ਾਮਲ ਕਰ ਲਿਆ।
ਸੈਂਟਰ ਦੀ ਮਾਲਕਣ ਅਨੁਸਾਰ ਟ੍ਰੇਨਿੰਗ ਤੇ ਆਫਰ ਲੈਟਰ ਅਤੇ ਵਾਰ-ਵਾਰ ਬਣਾਏ ਜਾ ਰਹੇ ਬਹਾਨਿਆਂ ਪ੍ਰਤੀ ਕੁੱਝ ਬੱਚਿਆਂ ਨੂੰ ਸ਼ੱਕ ਹੋਣ 'ਤੇ ਉਨ੍ਹਾਂ ਨੇ ਉਕਤ ਧੋਖੇਬਾਜ਼ਾਂ ਤੋਂ ਦਿੱਤੇ ਰੁਪਏ ਵੀ ਵਾਪਸ ਮੰਗੇ। ਨਾ ਤਾਂ ਰੁਪਏ ਵਾਪਸ ਕੀਤੇ ਅਤੇ ਨਾ ਹੀ ਬੱਚਿਆਂ ਨੂੰ ਨੌਕਰੀ ਦਿਵਾਈ। ਉਨ੍ਹਾਂ ਇਹ ਵੀ ਦੱਸਿਆ ਕਿ ਧੋਖੇਬਾਜ਼ਾਂ ਨੇ ਉਨ੍ਹਾਂ ਦੀ ਪੁੱਤਰੀ ਨੂੰ ਵਧੀਆ ਨੌਕਰੀ ਦਾ ਝਾਂਸਾ ਦੇ ਕੇ ਉਸ ਤੋਂ ਵੀ 4 ਲੱਖ ਰੁਪਏ ਠੱਗ ਲਏ। ਧੋਖੇਬਾਜ਼ਾਂ ਦਾ ਸ਼ਿਕਾਰ ਸਾਰੇ ਬੱਚੇ ਆਪਸ 'ਚ ਮਿੱਤਰ ਅਤੇ ਰਿਸ਼ਤੇਦਾਰ ਹਨ। ਇਸ ਤੋਂ ਬਾਅਦ ਉਨ੍ਹਾਂ ਪੁਲਸ ਦੇ ਉੱਚ ਅਧਿਕਰੀਆਂ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ, ਜਿਨ੍ਹਾਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ।ਇਸ ਸਬੰਧੀ ਸਿਟੀ ਥਾਣਾ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਜਾਂਚ-ਪੜਤਾਲ ਤੋਂ ਬਾਅਦ ਮਿਲੇ ਹੁਕਮਾਂ 'ਤੇ ਉਨ੍ਹਾਂ 5 ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕਾਰਵਾਈ ਲਈ ਏ. ਐੈੱਸ. ਆਈ. ਸ਼ਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।