ਰੇਪ ਕੇਸ ਦੇ ਦੋਸ਼ੀ ਸਾਬਕਾ ਐੱਸ. ਪੀ. ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ (ਵੀਡੀਓ)
Thursday, Feb 21, 2019 - 05:36 PM (IST)
ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਪੁਲਸ ਤੋਂ ਸਸਪੈਂਡ ਅਤੇ ਪਠਾਨਕੋਟ ਏਅਰਬੇਸ 'ਤੇ ਪਹਿਲੀ ਜਨਵਰੀ 2016 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚਰਚਾ 'ਚ ਆਏ ਸਾਬਕਾ ਪੁਲਸ ਮੁਖੀ ਸਲਵਿੰਦਰ ਸਿੰਘ ਨੂੰ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ 'ਚ ਦਰਜ ਜਬਰ-ਜ਼ਨਾਹ, ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਕੇਸ 'ਚ ਪ੍ਰੇਮ ਕੁਮਾਰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਨੇ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸਾਲ 2014 'ਚ ਗੁਰਦਾਸਪੁਰ ਵਾਸੀ ਇਕ ਵਿਅਕਤੀ 'ਤੇ ਪੁਲਸ ਨੇ ਕੇਸ ਦਰਜ ਕੀਤਾ ਸੀ, ਜਿਸ 'ਤੇ ਪੀੜਤ ਵਿਅਕਤੀ ਨੇ ਆਪਣੇ-ਆਪ ਨੂੰ ਬੇਕਸੂਰ ਦੱਸ ਕੇ ਉਸ ਦੀ ਜਾਂਚ ਕਰਵਾਉਣ ਲਈ ਜ਼ਿਲਾ ਪੁਲਸ ਮੁਖੀ ਨੂੰ ਪੱਤਰ ਦਿੱਤਾ ਸੀ। ਉਦੋਂ ਜ਼ਿਲਾ ਪੁਲਸ ਮੁਖੀ ਨੇ ਇਸ ਪੱਤਰ ਦੀ ਜਾਂਚ ਦਾ ਕੰਮ ਉਸ ਸਮੇਂ ਗੁਰਦਾਸਪੁਰ 'ਚ ਤਾਇਨਾਤ ਪੁਲਸ ਮੁਖੀ ਹੈੱਡ ਕੁਆਰਟਰ ਸਲਵਿੰਦਰ ਸਿੰਘ ਨੂੰ ਸੌਂਪਿਆ ਸੀ। ਉਦੋਂ ਪੁਲਸ ਮੁਖੀ ਨੇ ਆਪਣੇ ਅਹੁਦੇ ਦੀ ਦੂਰਵਰਤੋਂ ਕਰ ਕੇ ਸ਼ਿਕਾਇਤਕਰਤਾ ਦੀ ਪਤਨੀ ਨੂੰ ਮੋਬਾਇਲ 'ਤੇ ਕਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਆਪਣੇ ਪਤੀ ਨੂੰ ਬਚਾਉਣ ਲਈ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਤੋਂ ਸਲਵਿੰਦਰ ਸਿੰਘ ਨੇ ਮਦਦ ਕਰਨ ਲਈ 50 ਹਜ਼ਾਰ ਰੁਪਏ ਵੀ ਲਏ ਅਤੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਵੀ ਕੀਤਾ। ਸ਼ਿਕਾਇਤਕਰਤਾ ਦੀ ਪਤਨੀ ਨੇ ਇਸ ਬਾਰੇ 'ਚ ਆਪਣੇ ਪਤੀ ਨੂੰ ਸਾਰੀ ਜਾਣਕਾਰੀ ਦਿੱਤੀ ਤਾਂ ਸ਼ਿਕਾਇਤਕਰਤਾ ਨੇ 10-7-2015 ਨੂੰ ਉਸ ਸਮੇਂ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਵਿਚ ਆਯੋਜਤ ਸੰਗਤ ਦਰਸ਼ਨ ਵਿਚ ਆਪਣੀ ਸ਼ਿਕਾਇਤ ਦੇ ਕੇ ਸਾਰੀ ਕਹਾਣੀ ਦੱਸੀ, ਜਿਸ 'ਤੇ ਪੁਲਸ ਮੁਖੀ ਬਟਾਲਾ ਪ੍ਰਦੀਪ ਮਲਿਕ ਨੇ ਆਪਣੀ ਜਾਂਚ ਵਿਚ ਸਲਵਿੰਦਰ ਸਿੰਘ ਦੇ ਪੱਖ 'ਚ ਲਿਖ ਦਿੱਤੀ।
ਸ਼ਿਕਾਇਤਕਰਤਾ ਨੇ ਫਿਰ ਫਰਵਰੀ 2016 ਵਿਚ ਸੁਖਬੀਰ ਬਾਦਲ ਕੋਲ ਚੰਡੀਗੜ੍ਹ ਵਿਚ ਸੰਗਤ ਦਰਸ਼ਨ ਵਿਚ ਪੇਸ਼ ਹੋ ਕੇ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਆਈ. ਪੀ. ਐੱਸ. ਅਧਿਕਾਰੀ ਗੁਲਨੀਤ ਸਿੰਘ ਪਠਾਨਕੋਟ ਨੂੰ ਸੌਂਪ ਦਿੱਤੀ। ਉਨ੍ਹਾਂ ਸਲਵਿੰਦਰ ਸਿੰਘ ਨੂੰ ਮੁਲਜ਼ਮ ਠਹਿਰਾਇਆ ਅਤੇ 3 ਅਗਸਤ 2016 ਨੂੰ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਵਿਚ ਸਲਵਿੰਦਰ ਸਿੰਘ ਵਿਰੁੱਧ ਜਬਰ-ਜ਼ਨਾਹ, ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਅਧੀਨ ਕੇਸ ਦਰਜ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜਬਰ-ਜ਼ਨਾਹ ਦੇ ਦੋਸ਼ 'ਚ 10 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨਾ ਅਤੇ ਭ੍ਰਿਸ਼ਟਾਚਾਰ-ਰੋਕੂ ਕਾਨੂੰਨ ਅਧੀਨ 5 ਸਾਲ ਦੀ ਸਜ਼ਾ ਅਤੇ 50,000 ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਲਵਿੰਦਰ ਸਿੰਘ ਨੇ ਅਦਾਲਤ ਤੋਂ ਬਾਹਰ ਆ ਕੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਕਰਨਗੇ।