ਸਲਵਿੰਦਰ ਸਿੰਘ ਨੇ ਕੀਤੀ 75 ਫ਼ੀਸਦੀ ਤਨਖ਼ਾਹ ਦੇਣ ਦੀ ਮੰਗ

Thursday, Aug 03, 2017 - 01:27 AM (IST)

ਸਲਵਿੰਦਰ ਸਿੰਘ ਨੇ ਕੀਤੀ 75 ਫ਼ੀਸਦੀ ਤਨਖ਼ਾਹ ਦੇਣ ਦੀ ਮੰਗ

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ ਸਾਲ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਦੌਰਾਨ ਚਰਚਾ 'ਚ ਆਉਣ ਤੋਂ ਬਾਅਦ ਇਕ ਹੋਰ ਮਾਮਲੇ 'ਚ ਮੁਅੱਤਲ ਕੀਤੇ ਗਏ ਪੰਜਾਬ ਪੁਲਸ ਦੇ ਐੱਸ. ਪੀ. ਸਲਵਿੰਦਰ ਸਿੰਘ ਨੇ ਮੁਅੱਤਲੀ ਦੇ ਸਮੇਂ ਦੌਰਾਨ ਕੀਤੀ ਆਪਣੀ ਤਨਖ਼ਾਹ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਤੱਕ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨੇ ਗੁਰਦਾਸਪੁਰ ਵਿਖੇ ਮੁਅੱਤਲ ਤਾਇਨਾਤ ਐੱਸ. ਪੀ. ਸਲਵਿੰਦਰ ਸਿੰਘ ਅਤੇ ਉਸ ਦੇ ਦੋਸਤ ਤੇ ਰਸੋਈਏ ਨੂੰ ਅਗਵਾ ਕਰਨ ਉਪਰੰਤ ਉਨ੍ਹਾਂ ਦੀ ਕਾਰ ਖੋਹ ਲਈ ਸੀ। ਇਸ ਮਾਮਲੇ ਵਿਚ ਸਲਵਿੰਦਰ ਸਿੰਘ ਦੀ ਭੂਮਿਕਾ ਨੂੰ ਲੈ ਕੇ ਪੈਦਾ ਹੋਏ ਕਈ ਤਰ੍ਹਾਂ ਦੇ ਸ਼ੱਕਾਂ ਕਾਰਨ ਕੇਂਦਰੀ ਜਾਂਚ ਏਜੰਸੀ ਨੇ ਲੰਮਾ ਸਮਾਂ ਉਸ ਤੋਂ ਪੁੱਛਗਿੱਛ ਕੀਤੀ ਸੀ। ਜਿਸ ਤਹਿਤ ਇਸ ਸਾਲ ਅਪ੍ਰੈਲ ਮਹੀਨੇ ਅਦਾਲਤ ਵਿਚ ਸਲਵਿੰਦਰ ਸਿੰਘ ਵੱਲੋਂ ਗੁਰਦਾਸਪੁਰ ਦੀ ਅਦਾਲਤ ਵਿਚ ਆਤਮ ਸਮਰਪਣ ਕੀਤੇ ਜਾਣ ਉਪਰੰਤ ਉਹ ਅੰਮ੍ਰਿਤਸਰ ਦੀ ਜੇਲ ਵਿਚ ਬੰਦ ਹੈ।
ਜਾਣਕਾਰੀ ਅਨੁਸਾਰ ਸਲਵਿੰਦਰ ਸਿੰਘ ਪ੍ਰਤੀ ਪੰਜਾਬ ਪੁਲਸ ਦਾ ਰਵੱਈਆ ਕਾਫ਼ੀ ਸਖ਼ਤ ਹੈ, ਜਿਸ ਦੇ ਕਾਰਨ ਉਨ੍ਹਾਂ ਦੀ ਮੁਅੱਤਲੀ ਤੋਂ ਬਾਅਦ ਡੀ. ਜੀ. ਪੀ. ਦਫ਼ਤਰ ਵੱਲੋਂ ਉਸ ਦੀ ਜਬਰੀ ਸੇਵਾਮੁਕਤੀ ਲਈ ਗ੍ਰਹਿ ਵਿਭਾਗ ਨੂੰ ਲਿਖਿਆ ਗਿਆ ਹੈ। ਦੂਜੇ ਪਾਸੇ ਨਿਯਮਾਂ ਅਨੁਸਾਰ ਸਲਵਿੰਦਰ ਸਿੰਘ ਨੂੰ ਮੁਅੱਤਲੀ ਦੇ ਬਾਅਦ ਹੁਣ 50 ਫ਼ੀਸਦੀ ਤਨਖ਼ਾਹ ਮਿਲ ਰਹੀ ਹੈ ਜਦੋਂ ਕਿ ਉਸ ਨੇ 75 ਫ਼ੀਸਦੀ ਤਨਖ਼ਾਹ ਦੇਣ ਦੀ ਮੰਗ ਕੀਤੀ ਹੈ ਪਰ ਡੀ. ਜੀ. ਪੀ. ਦਫ਼ਤਰ ਨੇ ਇਸ ਵਾਧੇ ਲਈ ਆਪਣੀ ਸਿਫ਼ਾਰਸ਼ ਨਹੀਂ ਕੀਤੀ ਅਤੇ ਗ੍ਰਹਿ ਵਿਭਾਗ ਸਾਰੇ ਤੱਥ ਜੁਟਾ ਕੇ ਇਹ ਫ਼ੈਸਲਾ ਲੈਣ 'ਚ ਲੱਗਾ ਹੋਇਆ ਹੈ ਕਿ ਡੀ. ਜੀ. ਪੀ. ਦਫ਼ਤਰ ਦੀ ਸਿਫ਼ਾਰਸ਼ ਮੁਤਾਬਿਕ ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕੀਤਾ ਜਾਵੇ ਅਤੇ ਜਾਂ ਫਿਰ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਇਲਾਵਾ ਕੋਈ ਹੋਰ ਕਾਰਵਾਈ ਕੀਤੀ ਜਾਵੇ। ਅਜਿਹੀ ਸਥਿਤੀ ਵਿਚ ਗ੍ਰਹਿ ਵਿਭਾਗ ਨੇ ਪਠਾਨਕੋਟ ਹਮਲੇ ਨਾਲ ਸਬੰਧਿਤ ਸਾਰੇ ਤੱਥ ਜੁਟਾਉਣ ਦੇ ਇਲਾਵਾ ਐੱਨ. ਆਈ. ਏ. ਦੀ ਰਿਪੋਰਟ 'ਚ ਸਲਵਿੰਦਰ ਸਿੰਘ ਨਾਲ ਸਬੰਧਿਤ ਕੇਸ ਵਿਚ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਘੋਖ ਸ਼ੁਰੂ ਕੀਤੀ ਹੈ, ਜਿਸ ਉਪਰੰਤ ਅਗਲੀ ਕਾਰਵਾਈ ਹੋਣ ਦੀ ਉਮੀਦ ਹੈ।


Related News