ਰਿਸ਼ਤੇਦਾਰਾਂ ਦਾ ਮੇਕਅਪ ਨਾ ਕਰਨਾ ਸੈਲੂਨ ਨੂੰ ਪਿਆ ਮਹਿੰਗਾ, 10 ਹਜ਼ਾਰ ਜ਼ੁਰਮਾਨਾ
Tuesday, Nov 06, 2018 - 12:48 PM (IST)

ਚੰਡੀਗੜ੍ਹ (ਰਾਜਿੰਦਰ) : ਰਿਸ਼ਤੇਦਾਰਾਂ ਦਾ ਮੇਕਅਪ ਨਾ ਕਰਨਾ ਹੇਅਰ ਮਾਸਟਰਸ ਲਗਜ਼ਰੀ ਸੈਲੂਨ ਨੂੰ ਮਹਿੰਗਾ ਪੈ ਗਿਆ। ਖਪਤਕਾਰ ਵਿਵਾਦ ਨਿਵਾਰਨ ਫੋਰਮ-2 ਚੰਡੀਗੜ੍ਹ ਨੇ ਹੇਅਰ ਮਾਸਟਰਸ ਲਗਜ਼ਰੀ ਸੈਲੂਨ ਨੂੰ ਕਿਹਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਰੁਪਏ ਵਾਪਸ ਕਰੇ, ਨਾਲ ਹੀ 10 ਹਜ਼ਾਰ ਰੁਪਏ ਮੁਆਵਜ਼ਾ ਅਤੇ 7 ਹਜ਼ਾਰ ਰੁਪਏ ਮੁਕੱਦਮਾ ਖਰਚ ਅਦਾ ਕਰੇ। ਇਹ ਨਿਰਦੇਸ਼ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਫੋਰਮ-2 ਚੰਡੀਗੜ੍ਹ ਨੇ ਸੁਣਵਾਈ ਦੌਰਾਨ ਜਾਰੀ ਕੀਤੇ ਹਨ। ਨਕਲ ਮਿਲਣ ਤੋਂ 30 ਦਿਨਾਂ ਦੇ ਅੰਦਰ ਆਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ 5 ਹਜ਼ਾਰ ਰੁਪਏ ਵਾਧੂ ਮੁਆਵਜ਼ਾ ਅਦਾ ਕਰਨਾ ਹੋਵੇਗਾ।
ਸ਼ਿਕਾਇਤਕਰਤਾ ਏਕਤਾ ਗੁਪਤਾ ਨਿਵਾਸੀ ਸ਼ਾਸਤਰੀ ਕਾਲੋਨੀ ਅੰਬਾਲਾ ਕੈਂਟ ਨੇ ਸੈਕਟਰ-9 ਚੰਡੀਗੜ੍ਹ ਸਥਿਤ ਹੇਅਰ ਮਾਸਟਰਸ ਲਗਜ਼ਰੀ ਸੈਲੂਨ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ 7 ਨਵੰਬਰ, 2016 ਨੂੰ ਲੁਧਿਆਣਾ 'ਚ ਵਿਆਹ ਲਈ ਦੁਲਹਨ ਅਤੇ ਰਿਸ਼ਤੇਦਾਰਾਂ ਲਈ ਮੇਕਅਪ ਲਈ ਪ੍ਰੀ -ਬਰਾਈਡਲ ਅਤੇ ਪੋਸਟ ਬਰਾਈਡਲ ਪੈਕੇਜ ਲਿਆ। ਇਸ ਦੀ ਕੁੱਲ ਅਮਾਊਂਟ 95 ਹਜ਼ਾਰ ਰੁਪਏ ਸੀ। 50 ਹਜ਼ਾਰ ਰੁਪਏ ਐਡਵਾਂਸ ਜਮ੍ਹਾ ਕਰਵਾ ਦਿੱਤੇ ਗਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਹੇਅਰ ਮਾਸਟਰਜ਼ ਲਗਜ਼ਰੀ ਸੈਲੂਨ ਵਲੋਂ ਪ੍ਰੀ-ਬਰਾਈਡਲ ਮੇਕਅਪ ਸਰਵਿਸ ਦਿੱਤੀ ਜਾਣੀ ਸੀ ਅਤੇ ਬਾਕੀ ਦੀ ਸਰਵਿਸ 7 ਨਵੰਬਰ, 2016 ਨੂੰ ਲੁਧਿਆਣਾ 'ਚ ਸਰਵਿਸ ਦੇਣੀ ਸੀ। ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ਨੂੰ ਦੱਸਿਆ ਕਿ 7 ਨਵੰਬਰ, 2016 ਨੂੰ ਸ਼ਾਮ 4 ਵਜੇ ਤੱਕ ਸੈਲੂਨ ਦਾ ਕਰਮਚਾਰੀ ਨਾ ਆਇਆ ਤਾਂ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਦੂਜੇ ਸੈਲੂਨ ਦੀਆਂ ਸੇਵਾਵਾਂ ਲਈਆਂ। ਇਸ ਲਈ ਵੱਡੀ ਰਾਸ਼ੀ 42,600 ਰੁਪਏ ਖਰਚ ਕਰਨੀ ਪਈ। ਇਸ ਕਾਰਨ ਵਿਆਹ 'ਚ ਦੋ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਵਿਆਹ ਦੇ ਪੰਡਾਲ 'ਚ ਪਹੁੰਚੇ। ਦੂਜੀ ਧਿਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੇਵਾ 'ਚ ਕੋਤਾਹੀ ਨਹੀਂ ਕੀਤੀ ਹੈ। ਸ਼ਿਕਾਇਤਕਰਤਾ ਨੇ 49999 ਰੁਪਏ ਹੀ ਅਦਾ ਕੀਤੇ ਹਨ। ਸ਼ਿਕਾਇਤਕਰਤਾ ਨੇ ਬੈਲੇਂਸ ਅਮਾਊਂਟ 45100 ਰੁਪਏ ਅਤੇ ਟ੍ਰੈਵਲਿੰਗ ਚਾਰਜ 7 ਹਜ਼ਾਰ ਰੁਪਏ ਨਹੀਂ ਦਿੱਤੇ ਹਨ।