ਸੱਜਣ ਕੁਮਾਰ ਨੂੰ ਸਜ਼ਾ ਹੋਣ ਨਾਲ ਪੀੜਤਾਂ ਨੂੰ ਇਨਸਾਫ ਮਿਲਿਆ : ਦਾਦੂਵਾਲ

Tuesday, Dec 18, 2018 - 11:09 AM (IST)

ਸੱਜਣ ਕੁਮਾਰ ਨੂੰ ਸਜ਼ਾ ਹੋਣ ਨਾਲ ਪੀੜਤਾਂ ਨੂੰ ਇਨਸਾਫ ਮਿਲਿਆ : ਦਾਦੂਵਾਲ

ਬਠਿੰਡਾ (ਵਰਮਾ)— 34 ਸਾਲ ਬਾਅਦ ਸਿੱਖ ਵਿਰੋਧੀ ਦੰਗਿਆਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੱਜਣ ਕੁਮਾਰ ਨੂੰ ਦਿੱਲੀ ਉੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਨਾਲ ਪੀੜਤਾਂ ਨੂੰ ਇਨਸਾਫ ਮਿਲਿਆ। ਇਹ ਵਿਚਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹੇ। ਮੀਡੀਆ ਨੂੰ ਸੰਬੋਧਨ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਮਜੀਠੀਆ ਨੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਹੈ। ਇਸ ਨਾਲ ਸਦਨ ਦੇ ਮਾਣ ਨੂੰ ਠੇਸ ਪਹੁੰਚੀ ਹੈ, ਜਿਸ ਲਈ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਸਸਪੈਂਡ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ 26 ਅਗਸਤ 2018 ਸ਼ਾਮ ਨੂੰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕੇ ਜਥੇਦਾਰ ਦਾਦੂਵਾਲ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਾਰੇ ਕਿਹਾ  ਸੀ ਕਿ ਚੰਡੀਗੜ੍ਹ ਵਿਚ ਉਹ ਮੀਟਿੰਗ ਕਰ ਰਹੇ ਹਨ ਤੇ ਜਸਟਿਸ ਰਣਜੀਤ ਸਿੰਘ ਦੀ ਬੇਅਦਬੀ ਮਾਮਲੇ 'ਚ ਰਿਪੋਰਟ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟਵੀਟ ਨੂੰ ਸਾਰੇ ਮੀਡੀਆ ਚੈਨਲਾਂ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ, ਜਦਕਿ ਇਹ ਸਰਾਸਰ ਝੂਠ ਸੀ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੈਪਟਨ ਚੰਨ ਸਿੰਘ ਸਿੱਧੂ ਦੇ ਫਾਰਮ ਹਾਊਸ ਮੁੱਲਾਂਪੁਰ ਵਿਖੇ ਜਸਟਿਸ ਰਣਜੀਤ ਸਿੰਘ, ਦਾਦੂਵਾਲ, ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ ਤੇ ਸੁਖਪਾਲ ਖਹਿਰਾ ਦੀ ਮੀਟਿੰਗ ਹੋਈ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਇਹ ਝੂਠ ਸਦਨ 'ਚ ਬੋਲਿਆ, ਜਿਸ ਤਹਿਤ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਗਿਆ ਕਿਉਂਕਿ ਸਾਰੇ ਆਗੂਆਂ ਨੇ ਇਸ ਖਬਰ ਦਾ ਵਿਰੋਧ ਕੀਤਾ ਸੀ। ਸਰਬੱਤ ਖਾਲਸਾ ਵਲੋਂ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਦਾ ਝੂਠ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਨੇ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਤੇ ਆਧਾਰਿਤ ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਦੀ ਅਗਵਾਈ 'ਚ ਜਾਂਚ ਕਮੇਟੀ ਬਣਾਈ ਸੀ, ਜਿਸ ਦੀ ਰਿਪੋਰਟ ਵਿਧਾਨ ਸਭਾ ਨੂੰ ਸੌਂਪ ਦਿੱਤੀ ਗਈ। ਇਸ ਰਿਪੋਰਟ ਨਾਲ ਮਜੀਠੀਆ ਤੇ ਸੁਖਬੀਰ ਬਾਦਲ ਵਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਪਾਏ ਗਏ ਤੇ ਉਨ੍ਹਾਂ ਨੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਸਦਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਅੱਗੇ ਤੋਂ ਝੂਠੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।  


author

cherry

Content Editor

Related News