ਟ੍ਰੈਫਿਕ ਪੁਲਸ ਖਿਲਾਫ ਰੇਹੜੀ ਚਾਲਕਾਂ ਕੀਤੀ ਨਾਅਰੇਬਾਜ਼ੀ

09/23/2017 1:10:25 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਰਾਹੋਂ ਰੋਡ 'ਤੇ ਪੁਲਸ ਵੱਲੋਂ ਮਨਚਲੇ ਨੌਜਵਾਨਾਂ ਨੂੰ ਰੋਕਣ ਤੇ ਅਪਰਾਧਿਕ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਲਾਏ ਜਾ ਰਹੇ ਨਾਕਿਆਂ ਦੇ ਵਿਰੋਧ 'ਚ ਰੇਹੜੀ ਵਰਕਰਜ਼ ਯੂਨੀਅਨ ਤੇ ਵਿਦਿਆਰਥੀਆਂ ਨੇ ਪੁਲਸ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰੇਹੜੀ ਵਰਕਰਜ਼ ਯੂਨੀਅਨ ਦੇ ਆਗੂਆਂ ਹਰਬਿਲਾਸ, ਪ੍ਰਵੀਨ ਕੁਮਾਰ ਤੇ ਹਰੇ ਰਾਮ ਨੇ ਕਿਹਾ ਕਿ ਟ੍ਰੈਫ਼ਿਕ ਤੇ ਸਿਟੀ ਪੁਲਸ ਵੱਲੋਂ ਬਿਨਾਂ ਵਜ੍ਹਾ ਰੇਹੜੀ ਚਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਾਲਜ ਆਉਣ ਵਾਲੇ ਵਿਦਿਆਰਥੀ ਰੇਹੜੀ ਚਾਲਕਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲ ਰਹੀ ਹੈ ਪਰ ਪੁਲਸ ਵੱਲੋਂ ਉਨ੍ਹਾਂ ਨੂੰ ਕਾਲਜ ਦੇ ਸਾਹਮਣੇ ਰੇਹੜੀਆਂ ਲਾਉਣ ਤੋਂ ਰੋਕਿਆ ਜਾ ਰਿਹਾ ਹੈ।
ਵਿਦਿਆਰਥੀ ਵੀ ਆਏ ਸੜਕਾਂ 'ਤੇ : ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਇਕ ਹਫ਼ਤੇ ਤੋਂ ਲਗਾਤਾਰ ਲਾਏ ਜਾ ਰਹੇ ਪੁਲਸ ਨਾਕਿਆਂ ਦੇ ਵਿਰੋਧ 'ਚ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਪੁਲਸ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਕਾਲਜ ਕੈਂਪਸ ਦੇ ਅੰਦਰ ਤੱਕ ਪੁੱਜ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਬਿਕਰਮ, ਯਸ਼ਪਾਲ, ਪਵਨ ਕੁਮਾਰ, ਸੋਮਨਾਥ, ਕਰਨ ਆਦਿ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਇਸ ਨਾਜਾਇਜ਼ ਸਖ਼ਤੀ ਕਾਰਨ ਕਾਲਜ 'ਚ ਸਿੱਖਿਆ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿੱਖਿਅਕ ਸੰਸਥਾਵਾਂ ਦੇ ਘੇਰੇ 'ਚ ਮਨਚਲਿਆਂ 'ਤੇ ਲਗਾਮ ਕੱਸਣ ਦੀ ਆੜ 'ਚ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।


Related News