...ਤੇ 2 ਮਹੀਨਿਆਂ ਬਾਅਦ ਗੁਲਜ਼ਾਰ ਹੋਇਆ 'ਸਾਹਨੇਵਾਲ ਹਵਾਈ ਅੱਡਾ'

Tuesday, May 26, 2020 - 12:00 PM (IST)

...ਤੇ 2 ਮਹੀਨਿਆਂ ਬਾਅਦ ਗੁਲਜ਼ਾਰ ਹੋਇਆ 'ਸਾਹਨੇਵਾਲ ਹਵਾਈ ਅੱਡਾ'

ਲੁਧਿਆਣਾ (ਬਹਿਲ) : ਕੋਵਿਡ-19 ਲਾਕ ਡਾਊਨ ਦੇ ਕਾਰਨ 2 ਮਹੀਨਿਆਂ ਬਾਅਦ ਸਾਹਨੇਵਾਲ ਹਵਾਈ ਅੱਡੇ ’ਤੇ ਦਿੱਲੀ ਤੋਂ ਅਲਾਇੰਸ ਏਅਰ ਦਾ 72 ਸੀਟਰ ਏਅਰਕਰਾਫਟ ਏ. ਟੀ. ਆਰ. ਬੀਤੀ ਦੁਪਹਿਰ 2.44 ਵਜੇ 10 ਮੁਸਾਫਰਾਂ ਨਾਲ ਲੈਂਡ ਹੋਇਆ। ਸੋਮਵਾਰ ਸਵੇਰ ਤੋਂ ਹੀ ਸਾਹਨੇਵਾਲ ਹਵਾਈ ਅੱਡੇ ਦਾ ਨਜ਼ਾਰਾ ਬਦਲਿਆ ਹੋਇਆ ਸੀ। ਹਵਾਈ ਅੱਡੇ ਦੇ ਸਾਰੇ ਕਾਮੇ ਮੂੰਹ ’ਤੇ ਮਾਸਕ ਲਾ ਕੇ ਕੋਵਿਡ-19 ਦੇ ਨਿਯਮਾਂ ਤਹਿਤ ਮੁਸਾਫਰਾਂ ਦੀ ਸਿਹਤ ਸੁਰੱਖਿਆ ਲਈ ਹਵਾਈ ਅੱਡੇ ਨੂੰ ਸੈਨੀਟਾਈਜ਼ ਕਰਨ ’ਚ ਜੁੱਟਿਆ ਹੋਇਆ ਸੀ।

ਇਸ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਹਵਾਈ ਅੱਡੇ ਦਾ ਮੁਆਇਨਾ ਵੀ ਕੀਤਾ। ਅਲਾਇੰਸ ਏਅਰ ਦੇ ਸਟੇਸ਼ਨ ਮੈਨੇਜਰ ਓਰਿੰਦਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਤੋਂ ਏਅਰਕਰਾਫਟ ਦੁਪਹਿਰ 3.07 ਵਜੇ 5 ਮੁਸਾਫਰਾਂ ਨਾਲ ਦਿੱਲੀ ਲਈ ਰਵਾਨਾ ਹੋਇਆ। ਮੁਸਾਫਰਾਂ ਦੀ ਮਾਪਦੰਡਾਂ ਮੁਤਾਬਕ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਦਸਤੇ ਨੇ ਮੁਸਾਫਰਾਂ ਦੇ ਨਮੂਨੇ ਵੀ ਲਏ। ਮੁਸਾਫਰਾਂ ਨੂੰ ਹਵਾਈ ਅੱਡੇ ਦੀ ਅਥਾਰਟੀ ਵੱਲੋਂ ਫੇਸ ਸੀਲਡ, ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ ’ਤੇ ਉਤਰਨ ਵਾਲੇ ਮੁਸਾਫਰਾਂ ਨੂੰ 14 ਦਿਨ ਲਈ ਘਰ 'ਚ ਇਕਾਂਤਵਾਸ ਕਰਨ ਦੇ ਸਖਤ ਨਿਰਦੇਸ਼ਾਂ ਦਿੱਤੇ ਗਏ ਹਨ। ਸਾਹਨੇਵਾਲ ਹਵਾਈ ਅੱਡੇ ਦੇ ਡਾਇਰੈਕਟਰ ਐੱਸ. ਕੇ. ਸ਼ਰਨ ਨੇ ਕਿਹਾ ਕਿ 24 ਮਾਰਚ, 2020 ਨੂੰ ਦਿੱਲੀ ਤੋਂ ਆਖਰੀ ਉਡਾਣ ਲੁਧਿਆਣਾ ਆਈ ਸੀ। ਹੁਣ 2 ਮਹੀਨਿਆਂ ਬਾਅਦ ਹਵਾਈ ਅੱਡਾ ਗੁਲਜ਼ਾਰ ਹੋ ਗਿਆ, ਭਾਵੇਂ ਮੁਸਾਫਰਾਂ ਦੀ ਗਿਣਤੀ ਘੱਟ ਰਹੀ। ਹਫਤੇ ’ਚ 4 ਦਿਨ, ਸੋਮ, ਮੰਗਲ, ਵੀਰ, ਸ਼ਨੀਵਾਰ ਲੁਧਿਆਣਾ ਤੋਂ ਦਿੱਲੀ ਲਈ ਜਹਾਜ਼ ਉਡਾਣ ਭਰੇਗਾ। 6 ਦਿਨ ਤੱਕ ਉਡਾਣ ਅਪਰੇਟ ਕਰਨ ਬਾਰੇ ਹਵਾਈ ਅੱਡਾ ਫੈਸਿਲੀਟੇਸ਼ਨ ਕਮੇਟੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਸਹੂਲਤ ਸ਼ੁਰੂ ਹੋ ਜਾਵੇਗੀ।


author

Babita

Content Editor

Related News