ਸਾਧੂ ਤੇ ਆਸ਼ੂ ਤੋਂ ਬਾਅਦ ਕਈ ਹੋਰਨਾਂ ਕਾਂਗਰਸੀਆਂ ਨੂੰ ਜਾਣਾ ਪਵੇਗਾ ਸਲਾਖਾਂ ਪਿੱਛੇ : ਦੇਵਮਾਨ
Sunday, Aug 28, 2022 - 06:03 PM (IST)
ਨਾਭਾ (ਸ਼ੁਸੀਲ ਜੈਨ) : ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਇਕ ਡੇਅਰੀ ਮਾਲਿਕ ਤੋਂ ਸਿਆਸਤਾਦਾਨ ਬਣ ਕੇ ਕਰੋੜਪਤੀ ਬਣ ਗਿਆ। ਉਸ ਦੇ ਪੀ.ਏ. ਨੇ ਕਰੋੜਾਂ ਦੀ ਜਾਇਦਾਦ ਬਣਾਈ। ਸਾਬਕਾ ਵਜ਼ੀਰ ਸਾਧੂ ਸਿੰਘ ਧਰਮਸੋਤ ਤੇ ਭਾਰਤ ਭੂਸ਼ਣ ਆਸ਼ੂ ਸਲਾਖਾਂ ਪਿੱਛੇ ਹਨ। ਹੁਣ ਕਈ ਹੋਰਨਾਂ ਕਾਂਗਰਸੀ ਵਜ਼ੀਰਾਂ ਨੂੰ ਵੀ ਸਲਾਖਾਂ ਪਿਛੇ ਜਾਣਾ ਪਵੇਗਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ ਕਿ ਭ੍ਰਿਸ਼ਟ ਕਾਂਗਰਸੀ ਵਜ਼ੀਰਾਂ ਦੀਆਂ ਫਾਈਲਾਂ ਮੇਰੇ ਕੋਲ ਹਨ। ਸਾਬਕਾ ਕਾਂਗਰਸੀ ਮੁੱਖ ਮੰਤਰੀ ਚੰਨੀ ਵਿਦੇਸ਼ ਭੱਜ ਗਿਆ ਹੈ। ਜਿਹੜੇ ਕਾਂਗਰਸੀ ਵਜ਼ੀਰਾਂ ਨੇ ਜ਼ੁਲਮ ਕਰਕੇ ਭ੍ਰਿਸ਼ਟਾਚਾਰ ਕੀਤਾ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।
ਵਿਧਾਇਕ ਦੇਵਮਾਨ ਨੇ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ’ਤੇ ਵੀ ਤੰਜ ਕੱਸੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾਇਆ। ਜਾਂਚ ਚੱਲ ਰਹੀ ਹੈ। ਬੇਅਦਬੀਆਂ ਦੀ ਜਾਂਚ ਚੱਲ ਰਹੀ ਹੈ। ਭਾਵੇਂ ਸੁਖਬੀਰ ਬਾਦਲ ਹੋਵੇ ਜਾਂ ਕੋਈ ਹੋਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਦੀ। ਰਾਜਾ ਵੜਿੰਗ ਨੇ ਕਿਹਾ ਕਿ 2027 ਵਿਚ ਅਸੀਂ ਆਪਣੀ ਸਰਕਾਰ ਬਣਾ ਕੇ ਆਪ ਵਜ਼ੀਰਾਂ ਨੂੰ ਅੰਦਰ ਦੇਵਾਂਗੇ ਇਸ ਤੋਂ ਸਪੱਸ਼ਟ ਹੈ ਕਿ ਕਾਂਗਰਸੀ ਸਰਕਾਰ ਸਮੇਂ ਬਦਲੇ ਦੀ ਭਾਵਨਾਂ ਨਾਲ ਕੰਮ ਹੁੰਦਾ ਸੀ ਪਰ ਅਸੀਂ ਅਜਿਹਾ ਨਹੀਂ ਕਰਦੇ। ਇਸ ਮੌਕੇ ਕੌਂਸਲਰ ਰੋਜੀ ਨਾਗਪਾਲ ਅਤੇ ਦੀਪਕ ਨਾਗਪਾਲ ਵੀ ਮੌਜੂਦ ਸਨ। ਜਿਨ੍ਹਾਂ ਦੀ ਨਿਗਰਾਨੀ ਵਿਚ ਪੱਥਰਾਂ ਦੀ ਸੜਕ ’ਤੇ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਸੀਵਰੇਜ ਪਾਇਪ ਪੈ ਰਿਹਾ ਹੈ।