ਬੇਅਦਬੀ ਮਾਮਲੇ ''ਤੇ ਲੋਹਾ-ਲਾਖਾ ਹੋਏ ਭਗਵੰਤ ਮਾਨ, ਮੋਦੀ-ਕੈਪਟਨ ''ਤੇ ਮੜ੍ਹੇ ਵੱਡੇ ਦੋਸ਼

Friday, Jul 10, 2020 - 06:32 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਮਾਮਲੇ ਨੂੰ ਲਟਕਾਉਣ ਅਤੇ ਬਾਦਲਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਾਏ ਹਨ। ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀਕਾਂਡ ਵਿਚ 'ਸਿੱਟ' ਦੀ ਜਾਂਚ ਰੋਕਣ ਲਈ ਸੀ. ਬੀ. ਆਈ. ਵਲੋਂ ਮੋਹਾਲੀ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰਨ 'ਤੇ ਸਖ਼ਤ ਇਤਰਾਜ਼ ਕੀਤਾ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਕੋਰੋਨਾ ਕਾਰਣ ਪੰਜਾਬ ਸਰਕਾਰ ਨੇ ਲਿਆ ਇਹ ਫ਼ੈਸਲਾ

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਬਾਦਲਾਂ ਦੀ ਸਿੱਧੀ ਮਿਲੀਭੁਗਤ ਨਾਲ ਮੋਦੀ ਸਰਕਾਰ ਸੀ. ਬੀ. ਆਈ. ਰਾਹੀਂ ਅਤੇ ਰਣਬੀਰ ਸਿੰਘ ਖੱਟੜਾ ਦੀ 'ਸਿੱਟ' ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਬਾਰੇ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ 'ਸਿੱਟ' ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮਾਨ ਨੇ ਰਣਬੀਰ ਸਿੰਘ ਖੱਟੜਾ ਦੀ ਮੁੜ-ਮੁੜ ਸੁਰਜੀਤ (ਰੀਵਾਇਵ) ਕੀਤੀ ਜਾ ਰਹੀ 'ਸਿੱਟ' 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜੋ 'ਸਿੱਟ' ਬੇਅਦਬੀ ਅਤੇ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ (ਬਾਦਲਾਂ) ਵਲੋਂ ਆਪਣੀ ਸਰਕਾਰ ਸਮੇਂ ਗਠਿਤ ਕੀਤੀ ਗਈ ਸੀ ਅਤੇ ਜਿਸ ਖੱਟੜਾ ਦਾ ਪੁੱਤਰ ਸਤਵੀਰ ਸਿੰਘ ਖੱਟੜਾ ਪਟਿਆਲਾ (ਦਿਹਾਤੀ) ਤੋਂ ਅਕਾਲੀ ਦਲ (ਬਾਦਲ) ਦਾ ਉਮੀਦਵਾਰ ਅਤੇ ਬਾਦਲ ਪਰਿਵਾਰ ਦਾ ਕਰੀਬੀ ਹੋਵੇ, ਉਸ 'ਸਿੱਟ' ਤੋਂ ਇਨਸਾਫ਼ ਦੀ ਕੀ ਉਮੀਦ ਲਾਈ ਜਾ ਸਕਦੀ ਹੈ?

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਨਰਿੰਦਰ ਮੋਦੀ ਸਰਕਾਰ ਬਾਦਲਾਂ ਨੂੰ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਵਿਚੋਂ ਬਚਾਉਣ ਲਈ ਬੇਸ਼ੱਕ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਪਰ ਲੋਕਾਂ ਦੀ ਕਚਹਿਰੀ ਵਿਚ ਬਾਦਲ ਦੋਸ਼ੀ ਸਾਬਤ ਹੋ ਚੁੱਕੇ ਹਨ। ਇਸ ਲਈ ਜੋ ਵੀ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਜਨਤਾ ਦੀ ਕਚਹਿਰੀ ਵਿਚ ਉਸੇ ਤਰ੍ਹਾਂ ਸਜ਼ਾ ਮਿਲੇਗੀ, ਜਿਵੇਂ 2017 ਦੀਆਂ ਚੋਣਾਂ ਵਿਚ ਲੋਕਾਂ ਨੇ ਬਾਦਲਾਂ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ : ਯੂਨੀਵਰਸਿਟੀ-ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕਰਨ ਲਈ ਕੈਪਟਨ ਮੋਦੀ ਨੂੰ ਲਿਖਣਗੇ ਚਿੱਠੀ


Gurminder Singh

Content Editor

Related News