ਐੱਸ. ਟੀ. ਐੱਫ . ਸਮੇਤ 4  ਮੁਲਾਜ਼ਮਾਂ ਦੀ ਦੇਖ-ਰੇਖ ’ਚ ਵਿਕਦਾ ਸੀ ਨਸ਼ਾ

07/17/2018 6:17:56 AM

ਜਲੰਧਰ, (ਵਰੁਣ)- ਕਮਿਸ਼ਨਰੇਟ ਪੁਲਸ ਦੇ  ਸੀ. ਅਾਈ. ਏ. ਸਟਾਫ ਵੱਲੋਂ  ਗ੍ਰਿਫਤਾਰ ਕੀਤੇ  ਗਏ  ਮੈਡੀਕਲ ਨਸ਼ਾ  ਵੇਚਣ ਵਾਲੇ  ਭੋਗਪੁਰ ਦੇ  ਪੰਮਾ ਮੈਡੀਕਲ ਹਾਲ ਦੇ ਮਾਲਕ ਪਰਮਜੀਤ  ਪੰਮਾ ਦੇ  ਖਾਕੀ  ਨਾਲ ਕੁਨੈਕਸ਼ਨ  ਨਿਕਲੇ  ਹਨ। ਪੰਮਾ  ਨੇ  ਸੀ. ਅਾਈ. ਏ. ਸਟਾਫ  ਦੀ ਪੁੱਛਗਿੱਛ ’ਚ ਭੋਗਪੁਰ ਤੇ  ਐੱਸ. ਟੀ. ਐੱਫ. ਦੇ  ਕੁਲ 4  ਮੁਲਾਜ਼ਮਾਂ ਦੇ  ਨਾਂ  ਦੱਸੇ  ਹਨ, ਜਿਨ੍ਹਾਂ ਨੂੰ  ਪੰਮਾ  ਦੇ  ਸਾਰੇ ਕਾਰੋਬਾਰ  ਦਾ  ਪਤਾ  ਤਾਂ  ਸੀ ਪਰ  ਜੇਬਾਂ  ਭਰਨ  ਲਈ  ਉਨ੍ਹਾਂ  ਨਾ ਹੀ  ਅਾਪਣੇ ਅਧਿਕਾਰੀਅਾਂ ਨੂੰ ਕੁਝ  ਦੱਸਿਅਾ ਉਲਟਾ  ਪੰਮੇ  ਦੇ ਠਿਕਾਣੇ  ’ਤੇ  ਬੈਠ ਕੇ ਸ਼ਰਾਬ ਤੇ ਕਬਾਬ ਦਾ  ਮਜ਼ਾ  ਲੁੱਟਦੇ  ਰਹੇ। 
2 ਜੁਲਾਈ  ਨੂੰ  ਸੀ. ਅਾਈ. ਏ. ਸਟਾਫ ਨੇ  ਭੋਗਪੁਰ ਦੇ ਪੰਮਾ  ਮੈਡੀਕਲ ਹਾਲ ਦੇ ਮਾਲਕ ਪਰਮਜੀਤ ਸਿੰਘ ਪੰਮਾ ਨਿਵਾਸੀ ਵਾਰਡ ਨੰ. 10 ਭੋਗਪੁਰ ਸਮੇਤ ਰਜਿੰਦਰ ਕੁਮਾਰ  ਬੌਬੀ  ਨਿਵਾਸੀ  ਗੁਰੂ ਨਾਨਕਪੁਰਾ ਕਪੂਰਥਲਾ, ਜਤਿਨ  ਨੰਦਾ ਨਿਵਾਸੀ  ਲੋਹਾਰਾ ਮੁਹੱਲਾ ਕਰਤਾਰਪੁਰ ਤੇ  ਐੱਮ. ਅਾਰ. ਸਮਨਦੀਪ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀਅਾਂ ਨੂੰ  ਪੁੱਛਗਿੱਛ ਲਈ  ਰਿਮਾਂਡ ’ਤੇ ਲਿਅਾ ਗਿਅਾ ਸੀ। ਅਗਲੇ ਦਿਨ ਹੀ ਪਰਮਜੀਤ  ਸਿੰਘ  ਪੰਮਾ ਦੀ ਨਿਸ਼ਾਨਦੇਹੀ  ’ਤੇ ਪੁਲਸ ਨੇ ਉਸ ਦੇ ਘਰ ਦਬਿਸ਼ ਦੇ ਕੇ 5 ਹਜ਼ਾਰ ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਸਨ ਜਦਕਿ ਗ੍ਰਿਫਤਾਰੀ ਦੇ  ਸਮੇਂ  ਉਸ ਕੋਲੋਂ 33200 ਕੈਪਸੂਲ  ਤੇ  68 ਟੀਕੇ  ਬਰਾਮਦ  ਹੋਏ  ਸਨ।  ਪੰਮਾ  ਨੇ  ਪੁੱਛਗਿੱਛ ’ਚ ਦੱਸਿਅਾ ਕਿ ਥਾਣਾ  ਭੋਗਪੁਰ ਦੇ  ਖੁਫੀਅਾ  ਤੰਤਰ ਦੀ  ਤਰ੍ਹਾਂ  ਕੰਮ  ਕਰਨ  ਵਾਲੇ 2  ਹੈੱਡ  ਕਾਂਸਟੇਬਲਾਂ  ਸਮੇਤ ਐੱਸ. ਟੀ. ਐੱਫ. ਦੇ 2  ਪੁਲਸ  ਕਰਮਚਾਰੀ  ਅਕਸਰ ਉਸ ਕੋਲ  ਅਾ  ਕੇ ਬੈਠਦੇ ਸਨ। ਉਨ੍ਹਾਂ  ਨੂੰ  ਪਤਾ  ਸੀ ਕਿ  10 ਕੀਮਤ ਵਾਲਾ ਨਸ਼ੇ  ਵਾਲਾ  ਇੰਜੈਕਸ਼ਨ  ਉਹ 300  ਰੁਪਏ ’ਚ  ਵੇਚਦਾ  ਸੀ  ਅਤੇ  ਨਸ਼ੇ  ਦੇ  ਸਾਰੇ  ਕਾਰੋਬਾਰ  ਦਾ  ਉਨ੍ਹਾਂ   ਨੂੰ  ਪਤਾ  ਸੀ । ਉਹ   ਉਸ  ਨੂੰ  ਹਰ  ਤਰ੍ਹਾਂ  ਨਾਲ  ਸ਼ੈਲਟਰ ਦਿੰਦੇ ਸਨ। ਭੋਗਪੁਰ ’ਚ  ਪੰਮਾ  ਮੈਡੀਕਲ ਤੋਂ  ਇਲਾਵਾ ਇਕ  ਹੋਰ  ਮੈਡੀਕਲ  ਹਾਊਸ ਹੈ ,  ਜਿਨ੍ਹਾਂ   ਦੇ   ਮਾਲਕਾਂ  ਨੂੰ  ਵੀ  ਨਸ਼ੇ  ਵੇਚਣ   ਦੀ  ਛੋਟ ਦਿੱਤੀ  ਗਈ  ਸੀ , ਜਦਕਿ  ਹੋਰ  ਮੈਡੀਕਲ  ਸਟੋਰਾਂ ’ਤੇ  ਪੁਲਸ  ਰੇਡ  ਵੀ  ਕਰਦੀ  ਸੀ ਤੇ  ਸਖਤੀ  ਵੀ ਕੀਤੀ  ਹੋਈ  ਸੀ। ਸੂਤਰਾਂ  ਦੀ  ਮੰਨੀਏ  ਤਾਂ   ਚਾਰੋਂ  ਪੁਲਸ  ਕਰਮੀ  ਪੰਮੇ  ਦੇ  ਠਿਕਾਣੇ  ’ਤੇ  ਬੈਠ  ਕੇ  ਸ਼ਰਾਬ  ਤੇ  ਕਬਾਬ  ਦਾ  ਮਜ਼ਾ  ਲੈਂਦੇ  ਸਨ, ਜਦਕਿ  ਸਾਰਾ  ਖਰਚਾ  ਪੰਮਾ  ਖੁਦ  ਕਰਦਾ  ਸੀ।  ‘ਜਗ ਬਾਣੀ’ ਕੋਲ ਉਨ੍ਹਾਂ  ਚਾਰਾਂ ਪੁਲਸ  ਕਰਮੀਅਾਂ   ਦੇ  ਨਾਂ  ਹਨ ਪਰ ਅਜੇ  ਤਕ  ਕੋਈ   ਵੀ  ਕਾਰਵਾਈ  ਨਾ  ਹੋਣ  ਕਾਰਨ  ਉਹ  ਨਾਂ  ਪ੍ਰਕਾਸ਼ਿਤ  ਨਹੀਂ  ਕੀਤੇ  ਜਾ  ਰਹੇ।  ਨਸ਼ੇ  ਤੇ  ਖਾਕੀ  ਦੇ  ਸਬੰਧ  ਉਜਾਗਰ  ਨਾ  ਹੋਣ , ਇਸ  ਲਈ  ਪੁਲਸ  ਮਾਮਲੇ  ਨੂੰ  ਦਬਾਅ  ਰਹੀ  ਹੈ, ਜਿਸ  ਕਾਰਨ  ਅਜੇ  ਤਕ  ਕੋਈ  ਵੀ  ਕਾਰਵਾਈ ਨਹੀਂ  ਹੋਈ  ਹੈ।  ਪੰਮਾ  ਨੇ  ਇਹ  ਵੀ  ਦੱਸਿਅਾ  ਸੀ ਕਿ   ਉਹ   ਹਰ ਰੋਜ਼  ਇਕ  ਥ੍ਰੀ  ਸਟਾਰ  (ਡੀ.  ਐੱਸ.  ਪੀ.  ਨਹੀਂ)  ਅਧਿਕਾਰੀ  ਨੂੰ  5  ਹਜ਼ਾਰ  ਰੁਪਏ   ਪ੍ਰਤੀ  ਦਿਨ  ਦਾ  ਦਿੰਦਾ  ਸੀ, ਜਿਸ  ਤੋਂ  ਬਾਅਦ ਜਾ  ਕੇ  ਉਸ ਨੂੰ  ਨਸ਼ਾ  ਵੇਚਣ  ਦੀ  ਪਰਮਿਸ਼ਨ ਮਿਲਦੀ ਸੀ। 
ਮਾਮਲੇ ਦਾ ਪਤਾ ਨਹੀਂ, ਜਾਂਚ ਕਰਵਾਵਾਂਗਾ : ਏ. ਆਈ. ਜੀ. ਐੱਸ. ਟੀ. ਐੱਫ.
ਐੱਸ. ਟੀ. ਐੱਫ. ਦੇ ਏ. ਆਈ. ਜੀ. ਮੁਖਵਿੰਦਰ ਸਿੰਘ ਨਾਲ ਜਦ ਗੱਲ ਕੀਤੀ ਗਈ ਤਾਂ  ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਏ. ਆਈ. ਜੀ. ਨੇ ਐੱਸ. ਟੀ. ਐੱਫ. ਦੇ ਦੋਵਾਂ ਮੁਲਾਜ਼ਮਾਂ ਦੇ ਨਾਂ ਨੋਟ ਕਰ ਕੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਇਸਦੀ ਜਾਂਚ ਕਰਵਾਉਣਗੇ। ਜੇਕਰ ਮੁਲਾਜ਼ਮਾਂ ਦਾ ਹੱਥ ਹੋਇਆ ਤਾਂ ਉਹ ਐਕਸ਼ਨ ਲੈਣਗੇ ਅਤੇ ਮਾਮਲਾ ਦਬਾਉਣ ਵਾਲੇ ਵੀ ਬਖਸ਼ੇ ਨਹੀਂ ਜਾਣਗੇ।
ਛੱਡੋ ਭਾਜੀ ਥਾਣੇ ਦੀਆਂ ਗੱਲਾਂ ਹਨ...
ਥਾਣਾ ਭੋਗਪੁਰ ਦੇ  ਮੁਖੀ ਸੁਰਜੀਤ ਸਿੰਘ ਨੂੰ ਸਾਰੇ ਮਾਮਲੇ ਬਾਰੇ ਪਤਾ ਸੀ।  ਉਨ੍ਹਾਂ ਨਾਲ ਜਦ ਗੱਲਬਾਤ ਕੀਤੀ ਤਾਂ ਐੱਸ.ਐੱਚ. ਓ.  ਸੁਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ ਕੋਲ ਨਹੀਂ ਹੈ। ਐੱਸ. ਐੱਚ. ਓ. ਬੋਲੇ ਕਿ ਛੱਡੋ ਭਾਜੀ ਥਾਣੇ ਦੀਆਂ ਗੱਲਾਂ ਹਨ। ਬੈਠ ਕੇ ਗੱਲ ਕਰ ਲੈਂਦੇ ਹਾਂ। ਹਾਲਾਂਕਿ ਵਾਰ-ਵਾਰ ਪੁੱਛਣ ’ਤੇ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹੈੱਡ ਕਾਂਸਟੇਬਲ ਦੀ  ਇਸ ਕੇਸ ਤੋਂ ਬਾਅਦ ਬਦਲੀ ਹੋ ਗਈ ਸੀ। ਜਦਕਿ ਦੂਜਾ ਮੁਲਾਜ਼ਮ ਅਜੇ ਵੀ ਭੋਗਪੁਰ ਥਾਣੇ ਵਿਚ ਹੀ ਹੈ। 
ਮੈਨੂੰ  ਇਸ ਦੀ  ਜਾਣਕਾਰੀ  ਨਹੀਂ : ਡੀ.  ਸੀ. ਪੀ.  ਇਨਵੈਸਟੀਗੇਸ਼ਨ
ਇਸ  ਸਾਰੇ  ਮਾਮਲੇ  ਬਾਰੇ  ਜਦ ਡੀ.  ਸੀ. ਪੀ.  ਇਨਵੈਸਟੀਗੇਸ਼ਨ  ਗੁਰਮੀਤ ਸਿੰਘ ਨਾਲ ਗੱਲ ਕੀਤੀ  ਗਈ  ਤਾਂ  ਉਨ੍ਹਾਂ  ਕਿਹਾ  ਕਿ  ਮੈਨੂੰ  ਇਸ  ਬਾਰੇ  ਕੁਝ  ਪਤਾ ਨਹੀਂ  ਹੈ। ਸੀ.  ਅਾਈ. ਏ.  ਸਟਾਫ  ਦੇ  ਇੰਚਾਰਜ  ਅਜੇ  ਸਿੰਘ ਛੁੱਟੀ  ’ਤੇ  ਹਨ, ਜੋ  5 ਦਿਨਾਂ  ’ਚ  ਵਾਪਸ ਆ ਜਾਣਗੇ। ਉਨ੍ਹਾਂ ਤੋਂ ਪਤਾ ਕਰਵਾਇਆ  ਜਾਵੇਗਾ।  ਦੱਸ ਦੇਈਏ  ਕਿ ਡੀ. ਸੀ. ਪੀ.  ਗੁਰਮੀਤ ਸਿੰਘ ਨੇ ਹੀ ਇਨ੍ਹਾਂ ਮੁਲਜ਼ਮਾਂ ਨੂੰ ਫੜੇ ਜਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰ ਕੇ ਨਸ਼ੇ ਦੇ ਸਾਰੇ ਕਾਰੋਬਾਰ ਦਾ ਖੁਲਾਸਾ ਕੀਤਾ ਸੀ। 
 


Related News