ਬਾਬਾ ਸਾਹਿਬ ਨਾ ਹੁੰਦੇ ਤਾਂ ਨਹਿਰੂ ਨੇ ਐੱਸ. ਸੀ.-ਐੱਸ. ਟੀ. ਨੂੰ ਨਹੀਂ ਦੇਣੀ ਸੀ ਰਿਜ਼ਰਵੇਸ਼ਨ : ਮੋਦੀ

05/21/2024 8:36:26 PM

ਮੋਤੀਹਾਰੀ/ਮਹਾਰਾਜਗੰਜ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾ ਹੁੰਦੇ ਤਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਨੁਸੂਚਿਤ ਜਾਤੀਆਂ (ਐੱਸ. ਸੀ.) ਤੇ ਅਨੁਸੂਚਿਤ ਕਬੀਲਿਆਂ (ਐੱਸ. ਟੀ.) ਨੂੰ ਰਿਜ਼ਰਵੇਸ਼ਨ ਨਹੀਂ ਦੇਣੀ ਸੀ।

ਬਿਹਾਰ ਦੇ ਪੂਰਬੀ ਚੰਪਾਰਨ ਤੇ ਮਹਾਰਾਜਗੰਜ ਸੰਸਦੀ ਹਲਕਿਆਂ ’ਚ ਮੰਗਲਵਾਰ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰ, ਤੁਸ਼ਟੀਕਰਨ ਦੀ ਸਿਆਸਤ ਤੇ ਸਨਾਤਨ ਵਿਰੋਧੀ ਸੋਚ ਨਾਲ ਖੜ੍ਹਾ ਹੈ। ਇਨ੍ਹਾਂ ਸਾਰਿਆਂ ਨੂੰ 4 ਜੂਨ ਨੂੰ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਵੱਡਾ ਝਟਕਾ ਲੱਗੇਗਾ।

ਉਨ੍ਹਾਂ ਕਿਹਾ ਕਿ ਨਹਿਰੂ ਜੀ ਤੋਂ ਲੈ ਕੇ ਰਾਜੀਵ ਗਾਂਧੀ ਤੱਕ ਇਸ ਪਰਿਵਾਰ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਓ. ਬੀ. ਸੀ. ਰਿਜ਼ਰਵੇਸ਼ਨ ਦਾ ਵਿਰੋਧ ਕੀਤਾ। ਕਾਂਗਰਸ ਕੋਲ ਅੱਜ ਸਿਰਫ਼ ਇਕ ਵੋਟ ਬੈਂਕ ਬਚਿਆ ਹੈ ਤੇ ਉਸ ਨੂੰ ਖੁਸ਼ ਕਰਨ ਲਈ ਉਹ ਧਰਮ ਦੇ ਆਧਾਰ ’ਤੇ ਐੱਸ .ਸੀ., ਐੱਸ. ਟੀ ਤੇ ਓ. ਬੀ. ਸੀ. ਦੀ ਰਿਜ਼ਰਵੇਸ਼ਨ ਖੋਹ ਕੇ ‘ਵੋਟ ਜੇਹਾਦ’ ਵਾਲੇ ਲੋਕਾਂ ਨੂੰ ਦੇਣਾ ਚਾਹੁੰਦੀ ਹੈ। ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ, ਇਸੇ ਲਈ ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਐੱਨ. ਡੀ. ਏ. ਨੇ ਪਹਿਲਾਂ ਦਲਿਤ ਪੁੱਤਰ ਅਤੇ ਫਿਰ ਦੇਸ਼ ਦੀ ਆਦਿਵਾਸੀ ਧੀ ਨੂੰ ਸਭ ਤੋਂ ਉੱਚੇ ਸੰਵਿਧਾਨਿਕ ਅਹੁਦੇ ’ਤੇ ਬਿਠਾਇਆ। ਇਹ ਸਾਡੀ ਸਰਕਾਰ ਹੈ ਜਿਸ ਨੇ ਪੱਛੜੀਆਂ ਸ਼੍ਰੇਣੀਆਂ ਦੇ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ। ਸੋਮਵਾਰ ਪੰਜਵੇਂ ਗੇੜ ਦੀ ਹੋਈ ਪੋਲਿੰਗ ’ਚ ‘ਇੰਡੀਅਾ’ ਗੱਠਜੋੜ ਪੂਰੀ ਤਰ੍ਹਾਂ ‘ਹਾਰ’ ਗਿਆ ਹੈ।

ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਮਿਲ ਕੇ ਦੇਸ਼ ਦੇ 60 ਸਾਲ ਬਰਬਾਦ ਕੀਤੇ। ਆਜ਼ਾਦੀ ਦੇ 60-70 ਸਾਲਾਂ ਬਾਅਦ ਲੋਕਾਂ ਨੇ ਇਕ ਗਰੀਬ ਮਾਂ ਦੇ ਪੁੱਤਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜਦੋਂ ਮੋਦੀ ਆਇਆ ਤਾਂ ਹਰ ’ਚ ਟਾਇਲਟ ਆਇਆ। ਕਾਂਗਰਸ ਤੇ ਰਾਜਦ ਵਰਗੀਆਂ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਹੀ ਲੋਕਾਂ ਨੂੰ ਨਿਰਾਸ਼ਾ ’ਚ ਰੱਖਿਆ। ਗਰੀਬ ਹੋਰ ਗਰੀਬ ਹੁੰਦਾ ਗਿਆ। ਉਨ੍ਹਾਂ ਕਿਹਾ ਕਿ ਤੁਹਾਡੀ ਵੋਟ ਸਿਰਫ਼ ਸੰਸਦ ਮੈਂਬਰਾਂ ਨੂੰ ਚੁਣਨ ਲਈ ਨਹੀਂ ਹੈ। ਇਹ ਮਜ਼ਬੂਤ ​​ਭਾਰਤ ਤੇ ਮਜ਼ਬੂਤ ​​ਪ੍ਰਧਾਨ ਮੰਤਰੀ ਚੁਣਨ ਲਈ ਵੀ ਹੈ।


Rakesh

Content Editor

Related News