SHO ਨੂੰ ਧਮਕੀਆਂ ਦੇਣ ਲਈ ਕਾਂਗਰਸੀ ਵਿਧਾਇਕ ਗਿੱਲ ’ਤੇ ਹੋਵੇ ਮੁਕੱਦਮਾ ਦਰਜ : ‘ਆਪ’
Tuesday, May 05, 2020 - 08:50 PM (IST)
ਚੰਡੀਗੜ੍ਹ,(ਰਮਨਜੀਤ)- ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਆਪਣੇ ਹਲਕੇ ਦੇ ਹਰੀਕੇ ਪੱਤਣ ਥਾਣੇ ਦੇ ਐੱਸ. ਐੱਚ. ਓ. ਨਾਲ ਬਦਤਮੀਜ਼ੀ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਹਰਮਿੰਦਰ ਸਿੰਘ ਗਿੱਲ ’ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਕਾਂਗਰਸ ਪਾਰਟੀ ’ਚੋਂ ਕੱਢਿਆ ਜਾਵੇ । ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਡਿਊਟੀ ਦੌਰਾਨ ਇਕ ਪੁਲਸ ਅਧਿਕਾਰੀ ਦੇ ਕੰਮ ’ਚ ਵਿਘਨ ਪਾਉਣ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਤੁਰੰਤ ਦਰਜ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਕਾਂਗਰਸੀ ਲੀਡਰਾਂ ਦੇ ਸਿਰ ਸੱਤਾ ਦਾ ਨਸ਼ਾ ਕਿਸ ਕਦਰ ਚੜ੍ਹਿਆ ਹੋਇਆ ਹੈ, ਹਰਮਿੰਦਰ ਸਿੰਘ ਗਿੱਲ ਨੇ ਉਸੇ ਦਾ ਟ੍ਰੇਲਰ ਦੁਹਰਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀ ਆਗੂ, ਵਿਧਾਇਕ ਅਤੇ ਮੰਤਰੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ-ਕਰਮਚਾਰੀਆਂ ਨੂੰ ਧਮਕੀਆਂ ਦੇ ਚੁੱਕੇ ਹਨ ।
ਭਗਵੰਤ ਮਾਨ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਹਲਕੇ ’ਚ ਹਾਲ ਹੀ ਦੌਰਾਨ ਤਾਇਨਾਤ ਹੋਏ ਐੱਸ.ਐੱਚ.ਓ. ਕੋਲੋਂ ਜਿਸ ਤਰੀਕੇ ਨਾਲ ‘ਝੁਕ ਕੇ ਦੁਆ-ਸਲਾਮ’ ਭਾਲੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸੀ ਵਿਧਾਇਕ ਅਤੇ ਆਗੂ ਰਾਜਿਆਂ-ਮਹਾਰਾਜਿਆਂ ਦੇ ਦਰਬਾਰ ਵਾਲੀ ‘ਫੀਲਿੰਗ’ ਲੈ ਬੈਠੇ ਹਨ ਅਤੇ ਇਹੋ ਵਤੀਰਾ ਕਾਂਗਰਸੀਆਂ ਨੂੰ ਲੈ ਕੇ ਬੈਠੇਗਾ। ‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਨਿਰਪੱਖ ਅਤੇ ਦਰਿਆ ਦਿਲੀ ਦਿਖਾਉਂਦੇ ਹੋਏ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਕਾਨੂੰਨੀ ਅਤੇ ਪਾਰਟੀ ਪੱਧਰ ’ਤੇ ਮਿਸਾਲੀਆ ਕਾਰਵਾਈ ਕਰਨੀ ਚਾਹੀਦੀ ਹੈ।