ਐੱਸ. ਡੀ. ਐੱਮ. ਦੇ ਦਖਲ ਤੋਂ ਬਾਅਦ ਆੜ੍ਹਤੀਆਂ ਦਾ ਚੱਕਾ ਜਾਮ ਪ੍ਰੋਗਰਾਮ ਮੁਲਤਵੀ

10/21/2017 6:13:28 AM

ਬੇਗੋਵਾਲ, (ਰਜਿੰਦਰ)- ਝੋਨੇ ਦੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਵਲੋਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਬੇਗੋਵਾਲ 'ਚ ਅੱਜ ਆੜ੍ਹਤੀਆਂ ਵਲੋਂ ਦਿੱਤਾ ਜਾਣ ਵਾਲਾ ਧਰਨਾ ਪ੍ਰੋਗਰਾਮ ਐੱਸ. ਡੀ. ਐੱਮ. ਡਾ. ਸੰਜੀਵ ਸ਼ਰਮਾ ਦੇ ਦਖਲ ਤੋਂ ਬਾਅਦ ਮੁਲਤਵੀ ਹੋ ਗਿਆ। 
ਦੱਸਣਯੋਗ ਹੈ ਕਿ ਆੜ੍ਹਤੀਆਂ ਵਲੋਂ ਪ੍ਰਧਾਨ ਸੂਰਤ ਸਿੰਘ ਦੀ ਅਗਵਾਈ ਹੇਠ ਬੇਗੋਵਾਲ ਦੇ ਸਤਿਗੁਰ ਰਾਖਾ ਚੌਕ ਵਿਚ ਧਰਨਾ ਤੇ ਚੱਕਾ ਜਾਮ ਦਾ ਪ੍ਰੋਗਰਾਮ ਸੀ, ਜਿਸ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰਸ਼ਾਸਨ ਨੇ ਆੜ੍ਹਤੀਆਂ ਤੱਕ ਪਹੁੰਚ ਕੀਤੀ। ਜਿਸ ਉਪਰੰਤ ਆੜ੍ਹਤੀਆਂ ਦੀ ਮੀਟਿੰਗ ਐੱਸ. ਡੀ. ਐੱਮ. ਡਾ. ਸੰਜੀਵ ਸ਼ਰਮਾ ਨਾਲ ਹੋਈ। 
ਇਸ ਮੀਟਿੰਗ 'ਚ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਪਿੰਦਰ ਸਿੰਘ, ਮਾਰਕੀਟ ਕਮੇਟੀ ਭੁਲੱਥ ਦੇ ਸੈਕਟਰੀ ਰਵਿੰਦਰ ਕੁਮਾਰ ਕਾਲੀਆ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੂਰਤ ਸਿੰਘ ਨੇ ਦੱਸਿਆ ਕਿ ਮੰਡੀ 'ਚ ਬਾਰਦਾਨੇ ਨੂੰ ਲੈ ਕੇ ਐੱਫ. ਸੀ. ਆਈ. ਤੇ ਪਨਸਪ ਵਲੋਂ ਸਮੱਸਿਆਵਾਂ ਆ ਰਹੀਆਂ ਹਨ, ਜਿਸ ਕਾਰਨ ਖਰੀਦ ਸਹੀ ਢੰਗ ਨਾਲ ਨਹੀਂ ਹੋ ਰਹੀ ਤੇ ਕਿਸਾਨ ਮੰਡੀਆਂ 'ਚ ਖੱਜਲ-ਖੁਆਰ ਹੋ ਰਹੇ ਹਨ।  ਇਸ ਤੋਂ ਇਲਾਵਾ ਐੱਫ. ਸੀ. ਆਈ. ਵਲੋਂ ਬੀਤੇ 10 ਦਿਨਾਂ ਤੋਂ ਆੜ੍ਹਤੀਆਂ ਨੂੰ ਅਦਾਇਗੀ ਨਹੀਂ ਕੀਤੀ ਗਈ ਤੇ ਲਿਫਟਿੰਗ ਪ੍ਰਣਾਲੀ ਵੀ ਢਿੱਲੀ ਪਈ ਹੈ, ਜਿਸ ਦੇ ਚਲਦਿਆਂ ਬੇਗੋਵਾਲ ਦੀਆਂ ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਦੀਆਂ ਧਾਕਾਂ ਲੱਗੀਆਂ ਹੋਈਆਂ ਹਨ। 
ਦੂਜੇ ਪਾਸੇ ਐੱਸ. ਡੀ. ਐੱਮ. ਡਾ. ਸ਼ਰਮਾ ਵਲੋਂ ਖਰੀਦ ਏਜੰਸੀਆਂ ਤੇ ਆੜ੍ਹਤੀਆਂ ਵਿਚਾਲੇ ਕੀਤੀ ਮੀਟਿੰਗ 'ਚ ਸਾਰੇ ਮੁੱਦਿਆਂ ਦਾ ਹੱਲ ਕਰ ਦਿੱਤਾ ਗਿਆ। ਇਸ ਸੰਬੰਧੀ ਐੱਸ. ਡੀ. ਐੱਮ. ਨੇ ਸੰਪਰਕ ਕਰਨ 'ਤੇ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਮੰਡੀਆਂ 'ਚ ਬਾਰਦਾਨਾ ਪਹੁੰਚਾਉਣ, ਖਰੀਦ ਕਰਨ ਅਤੇ ਖਰੀਦੇ ਝੋਨੇ ਦੀ ਅਦਾਇਗੀ ਵਿਚ ਦੇਰੀ ਨਾ ਕੀਤੀ ਜਾਵੇ।
ਇਸ ਮੀਟਿੰਗ ਵਿਚ ਆੜ੍ਹਤੀ ਕ੍ਰਿਪਾਲ ਸਿੰਘ ਬੱਚਾਜੀਵੀ, ਹਰਜਗੀਰ ਸਿੰਘ, ਗੁਰਦੀਪ ਸਿੰਘ ਤੁੱਲੀ, ਜਥੇ. ਮਹਿੰਦਰ ਸਿੰਘ, ਹਰਵਿੰਦਰ ਸਿੰਘ ਜੈਦ, ਪ੍ਰਦੀਪ ਕੁਮਾਰ ਬਿੱਲੂ, ਰਣਬੀਰ ਸਿੰਘ ਆਦਿ ਹਾਜ਼ਰ ਸਨ। 


Related News