ਰੂਸ ਦੇ ਕਜਾਨ ਵਿਖੇ ਹੋਣਗੇ ਵਿਸ਼ਵ ਪੱਧਰੀ ਸਕਿਲ ਮੁਕਾਬਲੇ : ਡਿਪਟੀ ਕਮਿਸ਼ਨਰ
Monday, Mar 12, 2018 - 07:21 PM (IST)

ਜਲਾਲਾਬਾਦ (ਸੇਤੀਆ) : ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਰੂਸ ਦੇ ਸ਼ਹਿਰ ਕਜਾਨ ਵਿਚ ਸਾਲ 2019 ਵਿਚ ਹੋਣ ਵਾਲੇ ਵਰਲਡ ਸਕਿੱਲ ਮੁਕਾਬਲੇ ਤੋਂ ਪਹਿਲਾਂ ਜ਼ੋਨਲ ਪੱਧਰੀ ਅਤੇ ਰਾਜ-ਪੱਧਰੀ ਸਕਿੱਲ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੂਬੇ ਵਿਚ ਜ਼ਿਲਾ ਪੱਧਰੀ ਮੁਕਾਬਲੇ ਦਾ ਆਯੋਜਨ 20 ਤੋਂ 23 ਮਾਰਚ ਤੱਕ ਅਤੇ ਰਾਜ-ਪੱਧਰੀ ਮੁਕਾਬਲੇ ਦਾ ਆਯੋਜਨ 1 ਮਈ ਤੋਂ 5 ਮਈ ਤੱਕ ਕੀਤਾ ਜਾ ਰਿਹਾ ਹੈ, ਜਿਸ ਲਈ 15 ਮਾਰਚ ਤੱਕ ਨੌਜਵਾਨਾਂ ਨੂੰ ਪੀ.ਐਸ.ਡੀ.ਐਮ. ਦੀ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਨੌਜਵਾਨ ਜ਼ਿਲੇ ਅਤੇ ਰਾਜ ਪੱਧਰੀ ਸਮਾਗਮ ਵਿੱਚ ਜੇਤੂ ਰਹਿਣਗੇ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਲਈ ਚੁਣੇ ਜਾਣਗੇ। ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲਿਆਂ ਨੂੰ 5 ਹਜ਼ਾਰ ਰੁਪਏ ਦਾ ਪੁਰਸਕਾਰ ਅਤੇ ਰਾਜ ਪੱਧਰੀ 'ਚ ਜੇਤੂ ਉਮੀਦਵਾਰਾਂ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਕਿਸਮ ਦੇ 45 ਸਕਿੱਲ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲੇ ਵਿਚ ਭਾਗ ਲੈਣ ਲਈ ਸੂਬੇ ਦੇ ਨੌਜਵਾਨ ਜਿੰਨਾਂ ਦਾ ਜਨਮ 1994 ਤੋਂ ਬਾਅਦ ਹੋਇਆ ਹੈ ਉਹ ਉਮੀਦਵਾਰ ਪੰਜਾਬ ਸਕਿੱਲ ਡਿਵੈਲਪਮੈਂਟ ਦੀ ਵੈਬ ਸਾਈਟ www.psdm.gov.in 'ਤੇ 15 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ ਫ੍ਰੀ ਨੰ: 1800-180-2107 ਅਤੇ ਹੈਲਪਲਾਈਨ ਨੰਬਰ 0172-2724154 ਵੀ ਜਾਰੀ ਕੀਤੇ ਗਏ ਹਨ।