ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀ. ਸੀ. ਦਫਤਰ ਦਾ ਘਿਰਾਓ

Tuesday, Jun 12, 2018 - 06:32 AM (IST)

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀ. ਸੀ. ਦਫਤਰ ਦਾ ਘਿਰਾਓ

ਜਲੰਧਰ, (ਪੁਨੀਤ)- ਪੰਚਾਇਤੀ ਜ਼ਮੀਨਾਂ 'ਚੋਂ ਕਾਨੂੰਨ ਮੁਤਾਬਿਕ ਦਲਿਤਾਂ ਨੂੰ ਬਣਦਾ ਹੱਕ ਨਾ ਦੇਣ ਅਤੇ ਲੋੜਵੰਦਾਂ ਨੂੰ ਪਲਾਟ ਦੇਣ ਦੇ ਮਸਲੇ 'ਚ ਪ੍ਰਸ਼ਾਸਨ ਵੱਲੋਂ ਸਰਕਾਰੀ ਹਦਾਇਤਾਂ ਤੇ ਕਾਨੂੰਨ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦੇ ਤਿੱਖੇ ਵਿਰੋਧ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਰਤੀ ਲੋਕਾਂ ਨੇ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ।
ਇਸ ਤੋਂ ਪਹਿਲਾਂ ਇਹ ਧਰਨਾਕਾਰੀ ਦੇਸ਼ ਭਗਤ ਯਾਦਗਾਰ ਹਾਲ 'ਚ ਇਕੱਠੇ ਹੋਏ, ਜਿੱਥੋਂ ਰੋਹ ਭਰਪੂਰ ਮੁਜ਼ਾਹਰਾ ਕਰਕੇ ਉਹ ਡੀ. ਸੀ. ਦਫ਼ਤਰ ਅੱਗੇ ਪੁੱਜੇ। ਮੌਕੇ 'ਤੇ ਜੀ. ਏ. ਟੂ ਡੀ. ਸੀ. ਨੇ ਮੰਗ ਪੱਤਰ ਲਿਆ ਪਰ ਪ੍ਰਦਰਸ਼ਨਕਾਰੀ ਇਸ ਗੱਲ 'ਤੇ ਅੜ ਗਏ ਕਿ ਹਰ ਵਾਰ ਮੰਗ ਪੱਤਰ ਲੈ ਲਿਆ ਜਾਂਦਾ ਹੈ ਪਰ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ, ਕੋਈ ਠੋਸ ਹੱਲ ਕਰੋ ਤਾਂ ਉਨ੍ਹਾਂ ਡੀ. ਸੀ. ਦੀ ਹਾਜ਼ਰੀ 'ਚ ਇਸ ਦੇ ਹੱਲ ਲਈ ਦਿੱਤੇ ਸਮੇਂ 'ਤੇ ਆਗੂਆਂ ਨੂੰ ਗੱਲਬਾਤ ਲਈ ਬੁਲਾ ਤਾਂ ਲਿਆ ਪਰ ਡੀ. ਸੀ. ਨੇ ਪੇਂਡੂ ਮਜ਼ਦੂਰ ਆਗੂਆਂ ਨੂੰ ਫਿਰ ਵੀ ਮਿਲਣਾ ਜ਼ਰੂਰੀ ਹੀ ਨਹੀਂ ਸਮਝਿਆ ਤਾਂ ਮਜਬੂਰਨ ਪੇਂਡੂ ਮਜ਼ਦੂਰ ਰੋਸ ਵਜੋਂ ਡੀ.ਸੀ. ਦਫ਼ਤਰ ਦੇ ਬਾਹਰ ਗੇਟ ਅੱਗੇ ਬੈਠ ਗਏ। ਸ਼ਾਂਤਮਈ ਬੈਠੇ ਧਰਨਾਕਾਰੀਆਂ 'ਤੇ ਇਕ ਕਾਰ ਚਾਲਕ ਨੇ ਗੱਡੀ ਚੜ੍ਹਾ ਕੇ ਦਲਿਤ ਔਰਤਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਪੇਂਡੂ ਮਜ਼ਦੂਰਾਂ 'ਚ ਗੁੱਸਾ ਹੋਰ ਵੀ ਭੜਕ ਗਿਆ। ਮੁਜ਼ਾਹਰਾਕਾਰੀਆਂ ਨੇ ਬੇਜ਼ਮੀਨੇ ਦਲਿਤਾਂ ਤੇ ਹੋਰ ਮਿਹਨਤੀ ਲੋਕਾਂ ਵਿਰੋਧੀ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਡੀ. ਸੀ. ਵੱਲੋਂ ਗੱਲਬਾਤ ਦਾ ਸੱਦਾ ਦਿੱਤਾ। ਅੰਤ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਆਗੂਆਂ ਨਾਲ ਮੀਟਿੰਗ ਕਰਨੀ ਪਈ ਤੇ ਮਜ਼ਦੂਰ ਆਗੂਆਂ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਉਨ੍ਹਾਂ ਡੀ.ਡੀ.ਪੀ.ਓ. ਨੂੰ ਆਉਣ ਵਾਲੇ ਸੋਮਵਾਰ ਨੂੰ 10 ਵਜੇ ਤੱਕ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨ ਦੇ ਆਦੇਸ਼ ਦਿੱਤੇ।ਆਗੂਆਂ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ 'ਚੋਂ ਕਾਨੂੰਨ ਅਨੁਸਾਰ ਦਲਿਤਾਂ ਨੂੰ ਪੰਚਾਇਤੀ ਜ਼ਮੀਨ 'ਚੋਂ ਰਾਖਵੇਂ ਹਿੱਸੇ ਅਤੇ ਪਲਾਟਾਂ ਦਾ ਹੱਕ ਦੇਣ ਦੀ ਥਾਂ ਪ੍ਰਸ਼ਾਸਨ ਖੁਦ ਕਾਨੂੰਨ ਦੀ ਉਲੰਘਣਾ ਕਰਕੇ ਫਰਜ਼ੀ ਬੋਲੀਆਂ ਕਰ ਰਿਹਾ ਹੈ। 
ਪ੍ਰਸ਼ਾਸਨ ਲੰਮੇ ਸਮੇਂ ਤੋਂ ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਭੂ-ਮਾਫੀਆ ਦੇ ਹੱਥਾਂ ਵਿਚ ਖੇਡ ਰਿਹਾ ਹੈ ਅਤੇ ਜਾਣ-ਬੁੱਝ ਕੇ ਪਿੰਡਾਂ ਅੰਦਰ ਟਕਰਾਅ ਵਾਲੀ ਸਥਿਤੀ ਪੈਦਾ ਕਰ ਰਿਹਾ ਹੈ। ਜ਼ਿਲੇ ਅੰਦਰ ਜੱਟ ਬਨਾਮ ਦਲਿਤ ਟਕਰਾਅ ਕਰਾਉਣ ਲਈ ਪ੍ਰਸ਼ਾਸਨ ਮਾਹੌਲ ਤਿਆਰ ਕਰ ਰਿਹਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਗ੍ਰਾਮ ਸਭਾਵਾਂ ਪਾਸ ਮਤਿਆਂ 'ਤੇ ਕਾਰਵਾਈ ਕਰਕੇ ਪਲਾਟ ਦਿੱਤੇ ਜਾਣ, ਪੰਚਾਇਤੀ ਜ਼ਮੀਨਾਂ ਦੀਆਂ ਨਿਯਮਾਂ ਦੇ ਉਲਟ ਕੀਤੀਆਂ ਫਰਜ਼ੀ ਬੋਲੀਆਂ ਰੱਦ ਕਰਕੇ ਰਾਖਵੇਂ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ 'ਚ ਦਿੱਤਾ ਜਾਵੇ। ਹਸਨਮੁੰਡਾ ਵਿਖੇ ਦਲਿਤ ਔਰਤਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲਾ ਪ੍ਰਧਾਨ ਸਰਪੰਚ ਹੰਸ ਰਾਜ ਪੱਬਵਾਂ, ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਤੱਗੜ ਆਦਿ ਨੇ ਸੰਬੋਧਨ ਕੀਤਾ।


Related News