ਆਰ. ਟੀ. ਏ. ਦਫ਼ਤਰ ਦੇ ਕਾਮਿਆਂ ਨੇ ਫਿਰ ਨਿਭਾਈ ਸਿਰਫ ਮੂੰਹ-ਵਿਖਾਈ ਰਸਮ

Wednesday, Jul 22, 2020 - 12:02 PM (IST)

ਜਲੰਧਰ, (ਚੋਪੜਾ)– ਕੋਰੋਨਾ ਵਾਇਰਸ ਦੇ ਘੁਸਪੈਠ ਤੋਂ ਖੌਫਜ਼ਦਾ ਆਰ. ਟੀ. ਏ. ਦਫਤਰ ਦੇ ਕਾਮਿਆਂ ਨੇ 9 ਦਿਨਾਂ ਬਾਅਦ ਦਫਤਰ ਖੁੱਲ੍ਹਣ ਤੋਂ ਬਾਅਦ ਮੰਗਲਵਾਰ ਦੂਜੇ ਦਿਨ ਵੀ ਸਿਰਫ ਮੂੰਹ-ਦਿਖਾਈ ਦੀ ਰਸਮ ਨਿਭਾਈ। ਉਹ ਦਫਤਰ ਵਿਚ ਤਾਂ ਮੌਜੂਦ ਰਹੇ ਪਰ ਉਨ੍ਹਾਂ ਨੇ ਪਬਲਿਕ ਡੀਲਿੰਗ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਣ ਆਪਣੇ ਕੰਮਾਂ ਸਬੰਧੀ ਆਰ. ਟੀ. ਏ. ਦਫਤਰ ਵਿਚ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੈਕਟਰੀ ਆਰ. ਟੀ. ਏ. ਬਰਜਿੰਦਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਆਰ. ਟੀ. ਏ. ਦਫਤਰ ਨਾਲ ਸਬੰਧਤ 20 ਸਟਾਫ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 6 ਪਾਜ਼ੇਟਿਵ ਪਾਏ ਗਏ ਸਨ। ਹੁਣ ਜਿਹੜੇ ਕਰਮਚਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਸੀ, ਉਹ ਵੀ ਡਰਦੇ ਮਾਰਦੇ ਆਪਣੀਆਂ ਸੀਟਾਂ ’ਤੇ ਬੈਠ ਕੇ ਕੰਮ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਪ੍ਰਾਈਵੇਟ ਕਰਿੰਦਿਆਂ ਦਾ ਕੋਰੋਨਾ ਟੈਸਟ ਨਾ ਹੋਣਾ ਵੀ ਵੱਡਾ ਕਾਰਣ

ਆਰ. ਟੀ. ਏ. ਦਫਤਰ ਵਿਚ ਕੋਰੋਨਾ ਵਾਇਰਸ ਦੀ ਘੁਸਪੈਠ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਅਤੇ ਕੰਪਨੀ ਵਲੋਂ ਰੱਖੇ ਕਰਮਚਾਰੀਆਂ ਦੇ ਕੋਰੋਨਾ ਟੈਸਟ ਤਾਂ ਕਰਵਾ ਲਏ ਗਏ ਪਰ ਸਰਕਾਰੀ ਕਲਰਕਾਂ ਵਲੋਂ ਆਪਣੇ ਨਾਲ ਪ੍ਰਾਈਵੇਟ ਤੌਰ ’ਤੇ ਰੱਖੇ ਕਰਿੰਦਿਆਂ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਨਹੀਂ ਹੋ ਸਕੇ। ਆਰ. ਟੀ. ਏ. ਦਫਤਰ ਦਾ ਹਾਲ ਇਹ ਹੈ ਕਿ ਸਰਕਾਰੀ ਕਲਰਕਾਂ ਦੇ ਸਾਰੇ ਕੰਮਕਾਜ ਤੋਂ ਇਲਾਵਾ ਉਨ੍ਹਾਂ ਦੀ ਆਈ. ਡੀ. ਤੱਕ ਦੀ ਕਮਾਨ ਪ੍ਰਾਈਵੇਟ ਕਰਿੰਦਿਆਂ ਦੇ ਹੱਥਾਂ ਵਿਚ ਹੈ। ਸਰਕਾਰੀ ਕਲਰਕ ਤੇ ਕਰਮਚਾਰੀ ਤਾਂ ਸਿਰਫ ਲੋਕ ਦਿਖਾਵੇ ਨੂੰ ਰੁੱਝੇ ਰਹਿੰਦੇ ਹਨ। ਅਜਿਹੇ ਹਾਲਾਤ ਵਿਚ ਜੇ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਕੰਮ ਕਰਨਾ ਪਵੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਨ੍ਹਾਂ ਦੀ ਦਿਮਾਗੀ ਹਾਲਤ ਕੀ ਹੋਵੇਗੀ?


Lalita Mam

Content Editor

Related News