26 ਜਨਵਰੀ ਵਾਲੇ ਦਿਨ ਸੋਚ-ਸਮਝ ਕੇ ਨਿਕਲੋ ਘਰੋਂ, ਮੁੱਖ ਸੜਕਾਂ ਰਹਿਣਗੀਆਂ ਬੰਦ, ਰੂਟ ਪਲਾਨ ਜਾਰੀ
Thursday, Jan 25, 2024 - 11:49 AM (IST)
ਚੰਡੀਗੜ੍ਹ (ਸੁਸ਼ੀਲ) : ਗਣਤੰਤਰ ਦਿਹਾੜੇ ਮੌਕੇ ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਹੋਣ ਵਾਲੇ ਪ੍ਰੋਗਰਾਮ ਲਈ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਰੂਟ 'ਚ ਬਦਲਾਅ ਕੀਤਾ ਹੈ। ਪਰੇਡ ਗਰਾਊਂਡ ਅਤੇ ਉਸ ਦੇ ਆਸ-ਪਾਸ ਸਵੇਰੇ ਸਾਢੇ 6 ਵਜੇ ਤੋਂ ਪ੍ਰੋਗਰਾਮ ਦੀ ਸਮਾਪਤੀ ਤੱਕ ਟ੍ਰੈਫਿਕ ਰੂਟ 'ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁੱਝ ਅਹਿਮ ਸੜਕਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਤੱਕ ਆਮ ਲੋਕਾਂ ਲਈ ਬੰਦ ਰੱਖਿਆ ਜਾਵੇਗਾ। ਪਰੇਡ ਦੌਰਾਨ ਸੈਕਟਰ-16/17/22/23 ਤੋਂ ਸੈਕਟਰ-22/ਏ ਗੁਰਦਿਆਲ ਸਿੰਘ ਪੈਟਰੋਲ ਪੰਪ ਨੇੜੇ ਛੋਟੇ ਚੌਂਕ ਅਤੇ ਸੈਕਟਰ-16/17 ਡਿਵਾਈਡਿੰਗ ਰੋਡ ਤੋਂ ਜਨ ਮਾਰਗ ਸੈਕਟਰ-16/17/22/23 ਚੌਂਕ ਤੱਕ ਅਤੇ ਸੈਕਟਰ-17 ਪੁਰਾਣੀ ਕੋਰਟ ਤੋਂ ਸੈਕਟਰ-17 ਦੇ ਪਿੱਛੇ ਸ਼ਿਵਾਲਿਕ ਹੋਟਲ ਤੱਕ ਪਰੇਡ ਗਰਾਊਂਡ ਤੱਕ ਪਹੁੰਚਣ ਵਾਲੀ ਸੜਕ ਗਣਤੰਤਰ ਦਿਹਾੜੇ ’ਤੇ ਸਵੇਰੇ ਸਾਢੇ 6 ਵਜੇ ਤੋਂ ਪ੍ਰੋਗਰਾਮ ਦੀ ਸਮਾਪਤੀ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਕੇਂਦਰ ਵਲੋਂ ਰੱਦ ਕੀਤੀ ਪੰਜਾਬ ਦੀ ਝਾਕੀ ਬਣੇਗੀ ਸੂਬਾ ਪੱਧਰੀ ਸਮਾਰੋਹ ਦੀ ਸ਼ਾਨ
ਇਨ੍ਹਾਂ ਥਾਵਾਂ ’ਤੇ ਰਹੇਗਾ ਟ੍ਰੈਫਿਕ ’ਚ ਬਦਲਾਅ
ਸੈਕਟਰ-17 ਪਰੇਡ ਗਰਾਊਂਡ ਜਾਣ ਲਈ ਬੱਸ ਅੱਡਾ ਚੌਂਕ ਤੋਂ 17/18 ਲਾਈਟ ਪੁਆਇੰਟ ਵਲੋਂ ਜਾਓ।
ਸੈਕਟਰ 22-ਏ ਦੀ ਮਾਰਕੀਟ ਵਿਚ ਦੁਕਾਨਾਂ ਅੱਗੇ ਪਾਰਕਿੰਗ ਵਿਚ ਸਵੇਰ ਵੇਲੇ ਕਿਸੇ ਵੀ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਿਸ਼ੇਸ਼ ਤੌਰ ’ਤੇ ਸੱਦੇ ਵਾਲੇ ਲੋਕ ਪਰੇਡ ਗਰਾਊਂਡ ਤੋਂ ਲੈ ਕੇ ਸੈਕਟਰ 16/17/22/23 (ਕ੍ਰਿਕਟ ਸਟੇਡੀਅਮ ਚੌਂਕ) ਦੇ ਗੋਲ ਚੱਕਰ ਮੈਦਾਨ ਤੋਂ ਪਰੇਡ ਗਰਾਊਂਡ ਤੱਕ ਪਹੁੰਚਣ ਅਤੇ ਆਪਣੇ ਵਾਹਨਾਂ ਨੂੰ ਸੈਕਟਰ-22/ਏ ਪਾਰਕਿੰਗ ਏਰੀਆ ਦੇ ਸਾਹਮਣੇ ਪਾਰਕ ਕਰਨ।
ਸੈਕਟਰ-17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ 18/19 ਤੋਂ ਆਉਣ ਵਾਲੀ ਟ੍ਰੈਫਿਕ ਨੂੰ ਡਾਇਵਰਟ ਕਰ ਕੇ ਸੈਕਟਰ-17 ਚੌਂਕ ਵੱਲ ਸਵੇਰੇ 11 ਤੋਂ ਦੁਪਹਿਰ 11.30 ਵਜੇ ਤੱਕ ਮੋੜਿਆ ਜਾਵੇਗਾ।
ਇਹ ਵੀ ਪੜ੍ਹੋ : ਹਾਈਵੇਅ 'ਤੇ ਪਲਟਿਆ ਖ਼ਤਰਨਾਕ ਗੈਸ ਨਾਲ ਭਰਿਆ ਟੈਂਕਰ, ਮੌਕੇ 'ਤੇ ਮਚ ਗਈ ਹਫੜਾ-ਦਫੜੀ (ਵੀਡੀਓ)
ਇੱਥੋਂ ਬੱਸਾਂ ਆਉਣਗੀਆਂ
ਹਰਿਆਣਾ, ਪੰਜਾਬ ਤੇ ਹਿਮਾਚਲ ਸਮੇਤ ਹੋਰ ਥਾਵਾਂ ਤੋਂ ਸੈਕਟਰ-17 ਬੱਸ ਸਟੈਂਡ ਆਉਣ ਲਈ ਬੱਸਾਂ ਨੂੰ ਸੈਕਟਰ-22 ਦੇ ਬਿਜਵਾੜਾ ਚੌਂਕ ਤੋਂ ਬੱਸ ਸਟੈਂਡ ਚੌਂਕ, ਹਿਮਾਲਿਆ ਮਾਰਗ ਤੋਂ ਹੋ ਕੇ ਪਿਕਾਡਲੀ ਚੌਂਕ ਤੋਂ ਸੈਕਟਰ-22 ਗੁਰਦਿਆਲ ਪੈਟਰੋਲ ਪੰਪ ਦੇ ਨਾਲ ਲੱਗਦੇ ਛੋਟੇ ਚੌਂਕ ਤੋਂ ਬੱਸ ਅੱਡੇ ਜਾਣਾ ਪਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਆਮ ਜਨਤਾ ਪਰੇਡ ਗਰਾਊਂਡ ’ਚ ਸਵੇਰੇ 9.30 ਵਜੇ ਤੱਕ ਰਹੇ, ਵਿਸ਼ੇਸ਼ ਤੌਰ ’ਤੇ ਸੱਦੇ ਲੋਕ ਸੈਕਟਰ-22 ਸਾਹਮਣੇ ਤੋਂ ਗੇਟ ਨੰਬਰ 3, 4 ਅਤੇ 5 ਤੋਂ ਪਰੇਡ ਗਰਾਊਂਡ ਵਿਚ ਦਾਖ਼ਲ ਹੋਵੋ, ਇਕ ਅਸਲੀ ਫੋਟੋ ਪਛਾਣ ਪੱਤਰ ਆਪਣੇ ਨਾਲ ਰੱਖੋ, ਵਿਸ਼ੇਸ਼ ਤੌਰ ’ਤੇ ਸੱਦੇ ਲੋਕ ਵਾਹਨਾਂ ’ਤੇ ਪਾਰਕਿੰਗ ਲੇਬਲ ਪ੍ਰਦਰਸ਼ਿਤ ਕਰੋ, ਮਾਚਿਸ ਦੀ ਡੱਬੀ, ਚਾਕੂ, ਸਿਗਰੇਟ, ਹਥਿਆਰ, ਸ਼ਰਾਬ, ਜਲਣਸ਼ੀਲ ਚੀਜ਼ਾਂ ਤੇ ਇਲੈਕਟ੍ਰੋਨਿਕ ਯੰਤਰ ਲੈ ਕੇ ਜਾਣ ਦੀ ਮਨਾਹੀ ਹੈ।
ਐਟਹੋਮ ’ਚ ਵੀ ਰੂਟ ਤਬਦੀਲੀ
ਪੰਜਾਬ ਅਤੇ ਹਰਿਆਣਾ ਰਾਜ ਭਵਨ ਵਿਚ ਗਣਤੰਤਰ ਦਿਵਸ ਸਮਾਗਮ ਮੌਕੇ ਲੋਕਾਂ ਦੀ ਸਹੂਲਤ ਲਈ ਆਰਜ਼ੀ ਤੌਰ ’ਤੇ ਰੂਟ ਬਦਲੇ ਗਏ ਹਨ। ਸੈਕਟਰ-5, 6, 7, 8 ਦੇ ਗੋਲ ਚੱਕਰ, ਪੰਜਾਬ ਰਾਜ ਭਵਨ ਦੇ ਸਾਹਮਣੇ ਵਾਲੀ ਸੜਕ ਅਤੇ ਚੰਡੀਗੜ੍ਹ ਗੋਲਫ ਕਲੱਬ ਨੇੜੇ ਵਿਗਿਆਨ ਪੱਥ ਅਤੇ ਸੁਖਨਾ ਮਾਰਗ ਦੇ ਟੀ-ਪੁਆਇੰਟ ਨੂੰ ਬਾਅਦ ਦੁਪਹਿਰ ਸਾਢੇ 3 ਵਜੇ ਤੋਂ ਸਮਾਰੋਹ ਸਮਾਪਤੀ ਤੱਕ ਆਮ ਲੋਕਾਂ ਲਈ ਬੰਦ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8