ਕਹਿਰ ਓ ਰੱਬਾ ! ਖੇਤਾਂ ''ਚ ਕੰਮ ਕਰਦੇ ਸਮੇਂ ਰੋਟਾਵੇਟਰ ਦੀ ਲਪੇਟ ’ਚ ਆਇਆ ਮੁੰਡਾ, ਦੇਖਣ ਵਾਲੇ ਕੰਬ ਗਏ

Friday, Aug 14, 2026 - 01:32 PM (IST)

ਕਹਿਰ ਓ ਰੱਬਾ ! ਖੇਤਾਂ ''ਚ ਕੰਮ ਕਰਦੇ ਸਮੇਂ ਰੋਟਾਵੇਟਰ ਦੀ ਲਪੇਟ ’ਚ ਆਇਆ ਮੁੰਡਾ, ਦੇਖਣ ਵਾਲੇ ਕੰਬ ਗਏ

ਸਮਰਾਲਾ (ਸਚਦੇਵਾ, ਵਰਮਾ) : ਪਿੰਡ ਹਰਿਓਂ ਖ਼ੁਰਦ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖੇਤਾਂ ’ਚ ਚਾਚੇ ਨਾਲ ਕੰਮ ਕਰ ਰਹੇ 16-17 ਸਾਲਾ ਕਰਨ ਭੱਟੀ ਦੀ ਚੱਲਦੇ ਰੋਟਾਵੇਟਰ ਦੀ ਲਪੇਟ ’ਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਲਾਡਲਾ ਭਰਾ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦਕਿ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਹਾਦਸਾ ਸ਼ਾਮ ਕਰੀਬ 5:30 ਵਜੇ ਵਾਪਰਿਆ। ਕਰਨ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੈ ਤੇ ਕਰਨ ਖ਼ੁਦ 11ਵੀਂ ’ਚ ਪੜ੍ਹਦਾ ਹੋਣ ਦੇ ਬਾਵਜੂਦ ਖੇਤੀ ਦੇ ਕੰਮਾਂ ’ਚ ਪਰਿਵਾਰ ਦਾ ਹੱਥ ਵੰਡਾਉਂਦਾ ਸੀ। ਹਾਦਸੇ ਵਾਲੇ ਦਿਨ ਉਸ ਦਾ ਚਾਚਾ ਟਰੈਕਟਰ ਨਾਲ ਰੋਟਾਵੇਟਰ ਜੋੜ ਕੇ ਖੇਤ ਵਾਹ ਰਿਹਾ ਸੀ। ਕਰਨ ਤੇ ਚਾਚੇ ਦਾ ਲੜਕਾ ਵੀ ਨੇੜੇ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਰੌਲਾ, ਬਿਜਲੀ ਖਪਤਕਾਰਾਂ ਦੀ ਵਧੀ ਚਿੰਤਾ

ਰੁਕਾਵਟ ਹਟਾਉਣ ਦੌਰਾਨ ਵਾਪਰਿਆ ਹਾਦਸਾ

ਪਿੰਡ ਵਾਸੀਆਂ ਮੁਤਾਬਕ ਖੇਤ ’ਚ ਕੰਮ ਦੌਰਾਨ ਜ਼ਮੀਨ ’ਚੋਂ ਕਿਸੇ ਇੱਟ-ਰੋੜੇ ਜਾਂ ਹੋਰ ਰੁਕਾਵਟ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਕਰਨ ਅਚਾਨਕ ਚੱਲਦੇ ਰੋਟਾਵੇਟਰ ਦੀ ਲਪੇਟ ’ਚ ਆ ਗਿਆ। ਮਸ਼ੀਨ ਚੱਲ ਰਹੀ ਹੋਣ ਕਾਰਨ ਉਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਰੋਟਾਵੇਟਰ ਦੇ ਬਲੇਡਾਂ ਦੀ ਚਪੇਟ ’ਚ ਆ ਗਿਆ। ਹਾਦਸਾ ਇੰਨਾ ਗੰਭੀਰ ਸੀ ਕਿ ਕਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਖੇਤ ’ਚ ਮੌਜੂਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ’ਚ ਚੀਕ-ਚਿਹਾੜਾ ਮਚ ਗਿਆ। ਹਾਦਸੇ ਦੀ ਭਿਆਨਕਤਾ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਗਏ। ਇੱਕ ਹੱਸਦੇ-ਖੇਡਦੇ ਨੌਜਵਾਨ ਦੀ ਅਚਾਨਕ ਹੋਈ ਮੌਤ ਨੇ ਪਰਿਵਾਰ ਹੀ ਨਹੀਂ, ਸਗੋਂ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : ਪਾਵਰਕਾਮ 'ਚ ਪੈ ਗਿਆ ਵੱਡਾ ਪੰਗਾ, ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕਰਨ

ਕਰਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ ਅਤੇ ਉਹ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਸੀ। 11ਵੀਂ ਜਮਾਤ ’ਚ ਪੜ੍ਹਦੇ ਕਰਨ ਦੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾਂ ’ਚ ਵੀ ਦਿਲਚਸਪੀ ਸੀ। ਛੋਟੀ ਉਮਰ ਤੋਂ ਹੀ ਉਹ ਪਰਿਵਾਰ ਨਾਲ ਖੇਤੀ ਦੇ ਕੰਮਾਂ ’ਚ ਹੱਥ ਵੰਡਾਉਂਦਾ ਆ ਰਿਹਾ ਸੀ। ਪਰਿਵਾਰ ਨੂੰ ਉਸ ਤੋਂ ਭਵਿੱਖ ਲਈ ਵੱਡੀਆਂ ਉਮੀਦਾਂ ਸਨ ਪਰ ਇੱਕ ਪਲ ’ਚ ਵਾਪਰੇ ਹਾਦਸੇ ਨੇ ਸਾਰੀਆਂ ਉਮੀਦਾਂ ਨੂੰ ਮਾਤਮ ’ਚ ਬਦਲ ਦਿੱਤਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ ਬਿਕਰਮ ਮਜੀਠੀਆ, ਕੇਂਦਰ ਕੋਲ ਕੀਤੀ ਵੱਡੀ ਮੰਗ

ਪਿੰਡ ’ਚ ਛਾਇਆ ਸੋਗ

ਹਾਦਸੇ ਦੀ ਖ਼ਬਰ ਫੈਲਦੇ ਹੀ ਵੱਡੀ ਗਿਣਤੀ ’ਚ ਪਿੰਡ ਵਾਸੀ ਖੇਤਾਂ ’ਚ ਇਕੱਠੇ ਹੋ ਗਏ। ਹਰਿਓ ਖੁਰਦ ’ਚ ਮਾਤਮ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਸ ਔਖੀ ਘੜੀ ’ਚ ਹੌਸਲਾ ਦਿੱਤਾ। ਇੱਕ ਨੌਜਵਾਨ ਪੁੱਤਰ ਦੀ ਇਸ ਤਰ੍ਹਾਂ ਖੇਤੀਬਾੜੀ ਮਸ਼ੀਨਰੀ ਦੀ ਲਪੇਟ ’ਚ ਆ ਕੇ ਹੋਈ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਝੰਜੋੜ ਦਿੱਤਾ ਹੈ। ਹਾਦਸਾ ਖੇਤੀਬਾੜੀ ਦੌਰਾਨ ਮਸ਼ੀਨਰੀ ਨਾਲ ਕੰਮ ਕਰਦਿਆਂ ਲੋੜੀਂਦੀ ਸਾਵਧਾਨੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਮਹੱਤਤਾ ਵੱਲ ਵੀ ਧਿਆਨ ਖਿੱਚਦਾ ਹੈ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News