ਗੁਲਾਬ ਦੀ ਖੁਸ਼ਬੂ ਨਾਲ ਮਹਿਕਿਆ ਚੰਡੀਗੜ੍ਹ, ਮੇਅਰ ਨੇ ਲਈ ਪਹਿਲੀ ਰਾਈਡ (ਤਸਵੀਰਾਂ)

Saturday, Feb 24, 2018 - 01:20 PM (IST)

ਗੁਲਾਬ ਦੀ ਖੁਸ਼ਬੂ ਨਾਲ ਮਹਿਕਿਆ ਚੰਡੀਗੜ੍ਹ, ਮੇਅਰ ਨੇ ਲਈ ਪਹਿਲੀ ਰਾਈਡ (ਤਸਵੀਰਾਂ)

ਚੰਡੀਗੜ੍ਹ (ਪਾਲ) : ਇਸ ਵਾਰ ਰੋਜ਼ ਫੈਸਟ 'ਚ ਆ ਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ ਕਿ ਮੈਂ ਪਿਛਲੇ ਸਾਲ ਕਿਉਂ ਨਹੀਂ ਆਇਆ। 46ਵੇਂ ਰੋਜ਼ ਫੈਸਟ ਦੇ ਉਦਘਾਟਨ ਸਮਾਰੋਹ 'ਚ ਪਹੁੰਚੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਕਿ ਪਿਛਲੇ ਸਾਲ ਹੋਏ ਰੋਜ਼ ਫੈਸਟ 'ਚ ਨਹੀਂ ਆ ਸਕਿਆ ਸੀ। ਇਹ ਫੈਸਟ ਇੰਨਾ ਸ਼ਾਨਦਾਰ ਸਮਾਰੋਹ ਹੈ ਕਿ ਮੈਨੂੰ ਨਹੀਂ ਲਗਦਾ ਕਿ ਪੂਰੇ ਭਾਰਤ 'ਚ ਇਸ ਤੋਂ ਵੱਡਾ ਕੋਈ ਰੋਜ਼ ਫੈਸਟੀਵਲ ਹੁੰਦਾ ਹੋਵੇਗਾ। ਇਸ ਤਿੰਨ ਦਿਨਾ ਫੈਸਟ 'ਚ ਪੂਰਾ ਚੰਡੀਗੜ੍ਹ ਇਥੇ ਆਉਂਦਾ ਹੈ। ਬਦਨੌਰ ਨੇ ਕਿਹਾ ਕਿ ਰੋਜ਼ ਫੈਸਟ 'ਚ ਸਫਾਈ ਦਾ ਧਿਆਨ ਰੱਖਦੇ ਹੋਏ ਹਾਈਕੋਰਟ ਦੇ ਹੁਕਮ ਮੁਤਾਬਕ ਫੂਡ ਕੋਰਟ ਨਹੀਂ ਬਣਾਇਆ ਗਿਆ ਹੈ ਪਰ ਇਥੇ ਫੂਡ ਕੋਰਟ ਦੀ ਬਹੁਤ ਲੋੜ ਹੈ, ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਖਾਣ ਦਾ ਜਾਇਕਾ ਵੀ ਮਿਲ ਸਕੇ। ਉਨ੍ਹਾਂ ਕਿਹਾ ਕਿ ਨਿਗਮ ਹਾਈ ਕੋਰਟ ਨੂੰ ਸਫਾਈ ਵਿਵਸਥਾ ਬਾਰੇ ਯਕੀਨੀ ਕਰੇ ਤੇ ਅਗਲੀ ਵਾਰ ਇਥੇ ਫੂਡ ਕੋਰਟ ਵੀ ਲਾਏ।  ਬਦਨੌਰ ਨੇ ਕਿਹਾ ਕਿ ਚੰਡੀਗੜ੍ਹ ਇਕ ਸੰਪੂਰਨ ਸ਼ਹਿਰ ਹੈ। ਇਸ ਨੂੰ ਭਾਰਤ ਦੀ ਗਰੀਨ ਕੈਪੀਟਲ ਕਿਹਾ ਜਾਏ ਤਾਂ ਗਲਤ ਨਹੀਂ ਹੋਵੇਗਾ। ਪ੍ਰਸ਼ਾਸਕ ਨੇ ਕਿਹਾ ਕਿ ਅਗਲੇ ਸਾਲ ਨੇਵੀ ਦੇ ਪੁਰਾਣੇ ਬੈਂਡ ਨੂੰ ਵੀ ਇਸ ਸਮਾਰੋਹ 'ਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪਹਿਲੇ ਚੀਫ ਕਮਿਸ਼ਨਰ ਸਵ. ਡਾ. ਰੰਧਾਵਾ ਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੂੰ ਵੀ ਇਸ ਮੌਕੇ ਯਾਦ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ ਹੈ।

PunjabKesari
40 ਏਕੜ 'ਚ ਫੈਲੇ ਰੋਜ਼ ਗਾਰਡਨ 'ਚ ਹੁਣ 42 ਹਜ਼ਾਰ ਬੂਟੇ
ਇਸ ਮੌਕੇ ਮੇਅਰ ਦੇਵੇਸ਼ ਮੌਦਗਿਲ ਨੇ ਪ੍ਰਸ਼ਾਸਕ ਵੀ. ਪੀ. ਬਦਨੌਰ ਤੇ ਸੰਸਦ ਮੈਂਬਰ ਕਿਰਨ ਖੇਰ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਰੋਜ਼ ਫੈਸਟੀਵਲ ਨੂੰ ਲਗਾਤਾਰ ਬਿਹਤਰ ਬਣਾ ਰਿਹਾ ਹੈ, ਇਸ 'ਚ ਗੁਲਾਬ ਦੀਆਂ ਕੁਲ 829 ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਥੇ ਹੀ ਰੋਜ਼ ਗਾਰਡਨ 'ਚ 42 ਹਜ਼ਾਰ ਬੂਟੇ ਲਾਏ ਗਏ ਹਨ। ਸਮਾਰੋਹ 'ਚ 14 ਤੋਂ ਜ਼ਿਆਦਾ ਮੁਕਾਬਲੇ ਹੋ ਰਹੇ ਹਨ। ਇਸ ਵਾਰ ਫੈਸਟ 'ਚ ਟ੍ਰਾਂਸਜੈਂਡਰ ਨੂੰ ਵੀ ਮਹੱਤਵ ਦਿੱਤਾ ਗਿਆ ਹੈ।

PunjabKesari
ਫਖਰ ਹੈ ਕਿ ਮੈਂ ਚੰਡੀਗੜ੍ਹ ਤੋਂ ਹਾਂ
ਉਦਘਾਟਨ ਸਮਾਰੋਹ 'ਚ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਰੋਜ਼ ਫੈਸਟ ਨਾਲ ਮੇਰੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹਨ, ਅਸੀਂ ਬਚਪਨ 'ਚ ਇਥੇ ਆਉਂਦੇ ਸੀ। ਉਦੋਂ ਮੈਂ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਮੈਂ ਰੋਜ਼ ਫੈਸਟ ਦੇ ਉਦਘਾਟਨ ਦਾ ਹਿੱਸਾ ਬਣਾਂਗੀ। ਉਨ੍ਹਾਂ ਕਿਹਾ ਕਿ ਮੈਂ ਹੋਮ ਅਫੇਅਰ ਸਟੈਂਡਿੰਗ ਕਮੇਟੀ ਦੀ ਮੈਂਬਰ ਵੀ ਹਾਂ ਤੇ ਕਮੇਟੀ ਦੀ ਇਕ ਬੈਠਕ 23 ਫਰਵਰੀ ਨੂੰ ਹੋਣੀ ਸੀ ਪਰ ਮੈਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਇਸ ਬੈਠਕ ਦੀ ਤਰੀਕ ਨੂੰ ਬਦਲਵਾ ਕੇ 26 ਫਰਵਰੀ ਕਰਵਾਇਆ ਕਿਉਂਕਿ ਰੋਜ਼ ਫੈਸਟੀਵਲ ਅੱਜ ਮੇਰੇ ਲਈ ਅਹਿਮ ਪ੍ਰੋਗਰਾਮ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਨੇ ਕਿਹਾ ਕਿ ਚੰਡੀਗੜ੍ਹ ਨੂੰ ਹੋਰ ਵਧੀਆ ਸ਼ਹਿਰ ਬਣਾਉਣ ਦੀਆਂ ਨਿਗਮ ਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਹਨ ਕਿਉਂਕਿ ਇਕ ਰਿਪੋਰਟ ਮੁਤਾਬਕ ਚੰਡੀਗੜ੍ਹ ਦਾ ਗਰੀਨ ਕਵਰ ਪਹਿਲਾਂ ਦੇ ਮੁਕਾਬਲੇ ਵਧਿਆ ਹੈ, ਜਦੋਂਕਿ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਦਾ ਗਰੀਨ ਕਵਰ ਘੱਟ ਹੋ ਰਿਹਾ ਹੈ।
ਅਗਲਾ ਰੋਜ਼ ਫੈਸਟ ਹੋਵੇਗਾ ਕੌਮਾਂਤਰੀ : ਜਤਿੰਦਰ ਯਾਦਵ  
ਉਥੇ ਹੀ ਨਿਗਮ ਕਮਿਸ਼ਨਰ ਜਤਿੰਦਰ ਨੇ ਕਿਹਾ ਕਿ ਅਗਲੀ ਵਾਰ ਰੋਜ਼ ਫੈਸਟੀਵਲ ਕੌਮਾਂਤਰੀ ਪੱਧਰ 'ਤੇ ਹੋਵੇਗਾ, ਇਸਦੇ ਲਈ 7 ਦੇਸ਼ਾਂ ਦੇ ਦੂਤਘਰਾਂ 'ਚ ਗੱਲ ਕੀਤੀ ਜਾ ਰਹੀ ਹੈ। ਆਸ ਹੈ ਕਿ ਅਗਲੇ ਰੋਜ਼ ਫੈਸਟ 'ਚ ਹੋਰ ਕਈ ਦੇਸ਼ ਵੀ ਭਾਗ ਲੈਣਗੇ।
ਮੇਅਰ ਨੇ ਲਈ ਪਹਿਲੀ ਰਾਈਡ
46ਵੇਂ ਰੋਜ਼ ਫੈਸਟੀਵਲ 'ਚ ਚੌਪਰ ਰਾਈਡਿੰਗ ਦਾ ਲੁਤਫ ਸਭ ਤੋਂ ਪਹਿਲਾਂ ਸ਼ਹਿਰ ਦੇ ਮੇਅਰ ਦੇਵੇਸ਼ ਮੌਦਗਿੱਲ, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ, ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ, ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਗਰਗ ਨੇ ਲਿਆ, ਬਾਅਦ ਵਿਚ ਹੈਲੀਕਾਪਟਰਾਂ ਦੀ ਆਵਾਜ਼ ਪੂਰੇ ਰੋਜ਼ ਗਾਰਡਨ ਵਿਚ ਸੁਣਾਈ ਦਿੰਦੀ ਰਹੀ। ਇਸ ਤੋਂ ਇਲਾਵਾ ਚੌਪਰ ਰਾਈਡ ਦੇ ਅੱਜ ਪਹਿਲੇ ਦਿਨ 140 ਲੋਕਾਂ ਨੇ ਰਾਈਡ ਦਾ ਲੁਤਫ ਲਿਆ। ਨਿਗਮ ਵਲੋਂ ਦਿੱਲੀ ਦੀ ਹੈਰੀਟੇਜ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ ਰੋਜ਼ ਫੈਸਟੀਵਲ ਦੌਰਾਨ ਚੌਪਰ ਰਾਈਡ ਲਈ ਚੁਣਿਆ ਗਿਆ ਸੀ। ਇਸ ਵਾਰ ਰਾਈਡ ਦੀ ਪ੍ਰਤੀ ਵਿਕਅਤੀ ਫੀਸ 2400 ਰੁਪਏ ਰੱਖੀ ਗਈ ਹੈ, ਜਦਕਿ ਬੀਤੇ ਸਾਲ ਇਹ 3500 ਰੁਪਏ ਸੀ। ਰੋਜ਼ ਫੈਸਟੀਵਲ ਵਿਚ 24 ਫਰਵਰੀ ਨੂੰ ਸਵੇਰੇ 8:10 ਵਜੇ ਤਕ ਚੌਪਰ ਰਾਈਡ ਦੀ ਪ੍ਰਤੀ ਵਿਅਕਤੀ ਫੀਸ 1800 ਰੁਪਏ ਰੱਖੀ ਗਈ ਹੈ। ਚੌਪਰ ਰਾਈਡ ਪ੍ਰੇਡ ਗਰਾਊਂਡ ਤੋਂ ਸ਼ੁਰੂ ਹੋਈ। 10 ਮਿੰਟਾਂ ਦੀ ਇਹ ਰਾਈਡ ਸੁਖਨਾ ਲੇਕ, ਸੈਕਟਰ-10 ਲਈਅਰ ਵੈਲੀ, ਰੋਜ਼ ਗਾਰਡਨ ਤੇ ਸੈਕਟਰ-17 ਪਲਾਜ਼ਾ ਦਾ ਨਜ਼ਾਰਾ ਲੋਕਾਂ ਨੂੰ ਦਿਖਾਉਂਦੀ ਹੋਈ ਸਮਾਪਤ ਹੋਈ। ਪਿਛਲੇ ਸਾਲ ਵਾਲੀ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਸਨੂੰ 4 ਲੱਖ ਦਾ ਘਾਟਾ ਪਿਆ।


Related News