ਚਾਈਨਾ ਡੋਰ ਦੀ ਚਪੇਟ ’ਚ ਆਉਣ ਨਾਲ ਨੌਜਵਾਨ ਜ਼ਖਮੀ

02/18/2019 3:58:16 AM

ਰੋਪੜ (ਵਿਜੇ)-ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਤੇ ਦੁਰ-ਉਪਯੋਗ ਧਡ਼ੱਲੇ ਨਾਲ ਹੋ ਰਿਹਾ ਹੈ ਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵੀ ਹੋ ਜਾਂਦਾ ਹੈ ਪ੍ਰੰਤੂ ਇਸਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪ੍ਰਸ਼ਾਸਨ ਦੀ ਸੁਸਤ ਕਾਰਵਾਈ ਲੋਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਮੁੱਖ ਦਿਨੇਸ਼ ਭਨੋਟ ਨੇ ਦੱਸਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦਫ਼ਤਰ ’ਚ ਉਪ ਰਾਜ ਪ੍ਰਮੁੱਖ ਅਸ਼ਵਨੀ ਸ਼ਰਮਾ ਨਾਲ ਕੁੱਝ ਸ਼ਿਵ ਸੈਨਿਕਾਂ ਦੀ ਮੀਟਿੰਗ ਚੱਲ ਰਹੀ ਸੀ। ਇਸ ਮੌਕੇ ਪਾਵਰ ਕਾਲੋਨੀ ਨਿਵਾਸੀ ਸਰਵਣ ਕੁਮਾਰ ਵੀ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ ਪਰ ਜਦੋਂ ਉਹ ਆਪਣੇ ਘਰ ਦੋ-ਪਹੀਆ ਵਾਹਨ ’ਤੇ ਵਾਪਸ ਜਾ ਰਿਹਾ ਸੀ ਤਾਂ ਉਸਦੀ ਗਰਦਨ ਰਸਤੇ ’ਚ ਲਟਕ ਰਹੀ ਚਾਈਨਾ ਡੋਰ ਦੀ ਚਪੇਟ ’ਚ ਆ ਗਈ। ਜਿਸ ਨਾਲ ਉਸ ਦੀ ਗਰਦਨ ’ਚ ਲੰਬਾ ਚੀਰਾ ਆ ਗਿਆ। ਸ਼ਿਵ ਸੈਨਿਕ ਦਿਨੇਸ਼ ਭਨੋਟ, ਰਵੀ ਮਾਧਵ, ਧੀਰਜ ਤੇ ਅਮਨ ਦੁਆਰਾ ਤੁਰੰਤ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਲਿਆਂਦਾ ਗਿਆ, ਜਿਥੇ ਉਸ ਦੀ ਗਰਦਨ ’ਤੇ ਹੋਏ ਜ਼ਖਮ ’ਤੇ 14 ਟਾਂਕੇ ਲਾਏ ਗਏ। ਦਿਨੇਸ਼ ਭਨੋਟ ਨੇ ਕਿਹਾ ਕਿ ਜੇਕਰ ਸਰਵਣ ਕੁਮਾਰ ਦਾ ਵਾਹਨ ਤੇਜ਼ੀ ’ਚ ਹੁੰਦਾ ਤਾਂ ਕੋਈ ਮਾਡ਼ੀ ਘਟਨਾ ਵਾਪਰ ਸਕਦੀ ਸੀ।

Related News