ਅਗਵਾ ਹੋਈ ਖੁਸ਼ੀ ਦਾ ਤੀਸਰੇ ਦਿਨ ਵੀ ਨਹੀਂ ਲੱਗਾ ਕੋਈ ਸੁਰਾਗ

01/16/2019 9:23:53 AM

ਰੋਪੜ (ਭੰਡਾਰੀ)-ਭੇਤਭਰੀ ਹਾਲਤ ’ਚ ਅਗਵਾ ਹੋਈ ਮਾਸੂਮ ਬੱਚੀ ਖੁਸ਼ੀ ਦਾ ਤੀਸਰੇ ਦਿਨ ਵੀ ਕੁਝ ਪਤਾ ਨਹੀਂ ਚੱਲ ਸਕਿਆ, ਜਿਸ ਕਾਰਨ ਬਸਤੀ ਦੇ ਲੋਕਾਂ ’ਚ ਅੱਜ ਵੀ ਜਿੱਥੇ ਦਹਿਸ਼ਤ ਪਾਈ ਜਾ ਰਹੀ ਹੈ ਉੱਥੇ ਹੀ ਬਸਤੀ ’ਚ ਵੀ ਪੂਰੀ ਤਰ੍ਹਾਂ ਖਾਮੋਸ਼ੀ ਫੈਲੀ ਹੋਈ ਹੈ। ਬੱਚੀ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਦੂਸਰੀ ਪਾਸੇ ਪੁਲਸ ਵੀ ਬੱਚੀ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਥਾਨਕ ਪੁਲਸ ਥਾਣੇ ਦੇ ਬਿਲਕੁੱਲ ਸਾਹਮਣੇ ਸਥਿਤ ਬੰਗਾਲਾ (ਗਰੀਬ) ਬਸਤੀ ਦੇ ਇਕ ਪਰਿਵਾਰ ਦੀ 6 ਸਾਲਾ ਖੁਸ਼ੀ ਨਾਮ ਦੀ ਮਾਸੂਮ ਬੱਚੀ ਬਸਤੀ ’ਚ ਮਨਾਏ ਜਾ ਰਹੇ ਲੋਹਡ਼ੀ ਦੇ ਸਮਾਗਮ ’ਚੋਂ 13 ਜਨਵਰੀ ਦੀ ਰਾਤ ਨੂੰ ਅਚਾਨਕ ਗਾਇਬ ਹੋ ਗਈ ਸੀ ਤੇ ਤਦ ਤੋਂ ਹੀ ਪੁਲਸ ਪ੍ਰਸ਼ਾਸਨ ਤੇ ਬਸਤੀ ਦੇ ਲੋਕਾਂ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬੱਚੀ ਦੇ ਮਾਪਿਆਂ ਵਲੋਂ ਜਤਾਏ ਗਏ ਸ਼ੱਕ ਤਹਿਤ ਪੁਲਸ ਨੇ ਨਾਮਾਲੂਮ ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਸੀ। ਲਡ਼ਕੀ ਦੇ ਪਿਤਾ ਸੰਨਜੀਤ ਨੇ ਦੁਖੀ ਮਨ ਨਾਲ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਲਡ਼ਕੀ ਦੇ ਇੰਤਜ਼ਾਰ ’ਚ 2 ਦਿਨਾਂ ਤੋਂ ਬਿਲਕੁੱਲ ਵੀ ਸੁੱਤਾ ਨਹੀਂ ਹੈ। ਕੀ ਕਹਿਣੈ ਥਾਣਾ ਮੁਖੀ ਦਾ ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਨੇ ਦੱਸਿਆ ਕਿ ਬੱਚੀ ਦੀ ਭਾਲ ’ਚ ਪੁਲਸ ਮੁਲਾਜ਼ਮਾਂ ਨੂੰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਬੱਚੀ ਦੇ ਮਾਪਿਆਂ ਦੇ ਰਿਸ਼ਤੇਦਾਰਾਂ ਤੋਂ ਵੀ ਪਤਾ ਲਾ ਰਹੀ ਹੈ ਕਿ ਕੋਈ ਆਪਸੀ ਰੰਜਿਸ਼ ਜਾਂ ਦੁਸ਼ਮਣੀ ਲਡ਼ਕੀ ਦੇ ਗਾਇਬ ਹੋਣ ਦਾ ਕਾਰਨ ਤਾਂ ਨਹੀਂ ਬਣੀ।ਬਸਤੀ ਦੇ ਨੁਮਾਇੰਦੇ ਤੇ ਪੰਚਾਇਤ ਮੈਂਬਰ ਹੰਸ ਰਾਜ ਨੇ ਦੱਸਿਆ ਕਿ ਬਸਤੀ ਦੇ ਸਮੁੱਚੇ ਘਰਾਂ ਦੇ ਜੀਅ ਵੀ ਆਪਣੇ ਪੱਧਰ ’ਤੇ ਬੱਚੀ ਦੀ ਭਾਲ ਕਰਨ ’ਚ ਜੁਟੇ ਹੋਏ ਹਨ। ਬਸਤੀ ਦੇ ਲੋਕ ਜੋ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਨੇ ਬੱਚੀ ਦੇ ਲਾਪਤਾ ਹੋਣ ਵਾਲੇ ਦਿਨ ਤੋਂ ਹੀ ਕੰਮ-ਧੰਦੇ ’ਤੇ ਜਾਣਾ ਬੰਦ ਕੀਤਾ ਹੋਇਆ ਹੈ।

Related News