ਠੱਗ ਏਜੰਟਾਂ ਦੇ ਹੱਥੇ ਚੜ੍ਹੇ ਭਰਾ-ਭੈਣ: 24 ਲੱਖ ਲੈ ਕੇ ਵੀ ਨਹੀਂ ਪਹੁੰਚਾਇਆ ਕੈਨੇਡਾ, ਜੰਗਲਾਂ ''ਚ ਖਾਂਦੇ ਰਹੇ ਧੱਕੇ

Monday, Aug 21, 2023 - 06:56 PM (IST)

ਠੱਗ ਏਜੰਟਾਂ ਦੇ ਹੱਥੇ ਚੜ੍ਹੇ ਭਰਾ-ਭੈਣ: 24 ਲੱਖ ਲੈ ਕੇ ਵੀ ਨਹੀਂ ਪਹੁੰਚਾਇਆ ਕੈਨੇਡਾ, ਜੰਗਲਾਂ ''ਚ ਖਾਂਦੇ ਰਹੇ ਧੱਕੇ

ਭਵਾਨੀਗੜ੍ਹ (ਵਿਕਾਸ ਮਿੱਤਲ) - ਕੈਨੇਡਾ ਭੇਜਣ ਦੇ ਨਾਂ 'ਤੇ ਇੱਕ ਨੌਜਵਾਨ ਤੇ ਉਸਦੀ ਮਾਸੀ ਦੀ ਕੁੜੀ ਨਾਲ 24.60 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਭਵਾਨੀਗੜ੍ਹ ਪੁਲਸ ਨੇ ਦੋ ਠੱਗ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਸੁਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਸੀ ਦੀ ਕੁੜੀ ਸਵਰਨਜੀਤ ਕੌਰ ਵਿਦੇਸ਼ ਜਾਣਾ ਚਾਹੁੰਦੇ ਸਨ, ਜਿਸ ਸਬੰਧੀ ਉਨ੍ਹਾਂ ਏਜੰਟ ਪੁਸ਼ਪਿੰਦਰ ਸਿੰਘ ਉਰਫ ਰੋਮੀ ਵਾਸੀ ਭੱਟੀਵਾਲ ਕਲਾਂ ਤੇ ਉਸਦੇ ਪਾਰਟਨਰ ਚਮਕੌਰ ਸਿੰਘ ਵਾਸੀ ਸੁਨਾਮ ਨਾਲ ਗੱਲਬਾਤ ਕੀਤੀ। ਉਕਤ ਏਜੰਟਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਸਬੰਧੀ 41 ਲੱਖ ਰੁਪਏ ਵਿੱਚ ਗੱਲਬਾਤ ਤੈਅ ਕੀਤੀ ਅਤੇ 24.60 ਲੱਖ ਰੁਪਏ ਉਕਤ ਏਜੰਟਾਂ ਨੂੰ ਵੱਖ-ਵੱਖ ਮਿੱਤੀਆਂ 'ਚ ਦੇ ਦਿੱਤੇ। 

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਏਜੰਟਾਂ ਦੇ ਭੇਜਣ 'ਤੇ ਉਹ ਤੇ ਉਸਦੀ ਭੈਣ ਦੁੱਬਈ ਚੱਲੇ ਗਏ। ਉਹ ਦੋਵੇਂ ਤਕਰੀਬਨ 22 ਦਿਨ ਦੁੱਬਈ ਵਿੱਚ ਰਹੇ ਤੇ ਹਰ ਰੋਜ ਉਕਤ ਏਜੰਟਾਂ ਵੱਲੋਂ ਭੇਜੀ ਜਾਂਦੀਆਂ ਜਾਅਲੀ ਟਿਕਟਾਂ ਤੇ ਵੀਜਾ ਲੈ ਕੇ ਏਅਰਪੋਰਟ ਜਾਂਦੇ ਰਹੇ ਪਰ ਦਸਤਾਵੇਜ ਜਾਅਲੀ ਹੋਣ ਕਰਕੇ ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਏਅਰਪੋਰਟ 'ਚ ਦਾਖਲ ਨਾ ਹੋਣ ਦਿੱਤਾ। ਇਸ ਉਪਰੰਤ ਸ਼ਿਕਾਇਤਕਰਤਾ ਆਪਣੀ ਭੈਣ ਨਾਲ ਉਕਤ ਏਜੰਟਾਂ ਦੇ ਕਹਿਣ ਮੁਤਾਬਕ ਅਜਰ ਭਾਈ ਜਾਨ ਬਾਕੂ ਚੱਲੇ ਗਏ ਤੇ ਬਾਅਦ 'ਚ ਉਹ ਸਰਬਿਆ ਚੱਲੇ ਗਏ। ਉਥੇ ਦੋਵੇਂ ਭੈਣ-ਭਰਾ ਤਕਰੀਬਨ 4 ਦਿਨ ਜੰਗਲਾਂ ਵਿੱਚ ਚੱਲ ਕੇ ਹੰਗਰੀ ਸ਼ਹਿਰ ਪੁੱਜੇ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਏਜੰਟਾਂ ਨੇ ਉਨ੍ਹਾਂ ਦੋਵਾਂ ਨੂੰ ਆਸਟਰੀਆ ਬਾਰਡਰ 'ਤੇ ਛੱਡ ਦਿੱਤਾ ਤੇ ਬਾਰਡਰ ਪਾਰ ਕਰਦਿਆਂ ਹੀ ਆਸਟਰੀਆ ਦੀ ਪੁਲਸ ਨੇ ਦੋਵਾਂ ਭੈਣ-ਭਰਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋ ਦਿਨ ਜੇਲ੍ਹ 'ਚ ਰੱਖ ਪੁੱਛਗਿੱਛ ਕਰਨ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਕਤ ਏਜੰਟ ਫਿਰ ਵੀ ਉਨ੍ਹਾਂ ਨੂੰ ਭਰੋਸੇ ਦਿੰਦੇ ਰਹੇ ਕਿ ਉਹ ਜਲਦੀ ਕੋਈ ਪ੍ਰਬੰਧ ਕਰਕੇ ਉਨ੍ਹਾਂ ਨੂੰ ਕੈਨੇਡਾ ਭੇਜ ਦੇਣਗੇ ਤੇ ਦੋ ਮਹੀਨੇ ਆਸਟਰੀਆ 'ਚ ਰਹਿਣ ਉਪਰੰਤ ਉਹ ਆਪਣੀ ਭੈਣ ਨਾਲ ਟ੍ਰੇਨ ਰਾਹੀਂ ਇਟਲੀ ਪਹੁੰਚ ਗਿਆ। ਏਜੰਟਾਂ ਨੇ ਉਨ੍ਹਾਂ ਦੋਵਾਂ ਕੋਲੋਂ ਸਾਰਬੀਆ ਵਿਖੇ ਹੀ ਪਾਸਪੋਰਟ ਲੈ ਲਿਆ, ਜਿਸ ਕਰਕੇ ਉਹ ਦੋਵੇਂ ਤਕਰੀਬਨ 2 ਮਹੀਨੇ ਤੱਕ ਇਟਲੀ ਵਿੱਚ ਅਤਿ ਮੁਸ਼ਕਿਲ ਤੇ ਦਰਦਨਾਕ ਹਾਲਾਤ 'ਚ ਆਪਣਾ ਸਮਾਂ ਲੰਘਾਉਂਦੇ ਰਹੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਕਤ ਏਜੰਟ ਸਾਨੂੰ ਬਲੈਕਮੇਲ ਕਰਕੇ ਸਾਡੇ ਪਰਿਵਾਰ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਪਏ। ਸਾਨੂੰ ਧਮਕੀਆਂ ਦੇਣ ਲੱਗੇ ਕਿ ਜੇਕਰ ਉਨ੍ਹਾਂ ਕੋਈ ਗੱਲ ਇੰਡੀਆ ਵਿੱਚ ਦੱਸੀ ਤਾਂ ਉਹ ਉਨ੍ਹਾਂ ਨੂੰ ਪੁਲਸ ਤੋਂ ਗ੍ਰਿਫ਼ਤਾਰ ਕਰਵਾ ਦੇਣਗੇ ਜਾਂ ਆਪਣੇ ਵਿਅਕਤੀਆਂ ਤੋਂ ਮਰਵਾ ਦੇਣਗੇ ਤੇ ਅਸੀਂ ਡਰ ਕੇ ਤਸੀਹੇ ਚੱਲਦੇ ਰਹੇ। ਉਕਤ ਏਜੰਟਾਂ ਨੇ ਉਨ੍ਹਾਂ ਦੇ ਵੀਜਾ ਤੇ ਵਰਕ ਪਰਮਿਟ ਦਾ ਕੋਈ ਪ੍ਰਬੰਧ ਨਹੀਂ ਕੀਤਾ। 

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਅਖੀਰ ਵਿੱਚ ਉਸਨੇ ਤੇ ਸਵਰਨਜੀਤ ਕੌਰ ਨੇ ਉਕਤ ਏਜੰਟਾਂ ਨੂੰ ਹੋਰ ਪੈਸੇ ਅਦਾ ਕਰਕੇ ਆਪਣੇ ਪਾਸਪੋਰਟ ਲੈ ਲਏ ਅਤੇ ਵਾਪਸ ਇੰਡੀਆ ਆ ਗਏ। ਉਹਨਾਂ ਨੇ ਦੋਸ਼ ਲਗਾਇਆ ਕਿ ਉਕਤ ਏਜੰਟਾਂ ਨੇ ਝੂਠੀ ਬਹਾਨੇਬਾਜ਼ੀ ਤੇ ਝੂਠੇ ਭਰੋਸੇ 'ਚ ਲੈ ਕੇ ਉਹਨਾਂ ਨੂੰ 24 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੂੰ ਸ਼ਿਕਾਇਤ ਕਰਨ 'ਤੇ ਏਜੰਟ ਪੁਸ਼ਪਿੰਦਰ ਸਿੰਘ ਉਰਫ ਰੋਮੀ ਤੇ ਉਸਦੇ ਪਾਰਟਨਰ ਚਮਕੌਰ ਸਿੰਘ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News