ਦਿਨ-ਦਿਹਾੜੇ ਕਾਰ ਦਾ ਸ਼ੀਸ਼ਾ ਤੋੜ ਕੇ ਉਡਾਏ ਸਵਾ ਲੱਖ ਰੁਪਏ
Sunday, Apr 08, 2018 - 08:07 AM (IST)
ਮੋਰਿੰਡਾ (ਅਰਨੌਲੀ, ਖੁਰਾਣਾ, ਮੁਕੇਸ਼, ਧੀਮਾਨ) - ਮੋਰਿੰਡਾ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇਸ ਹੱਦ ਤਕ ਬੁਲੰਦ ਹਨ ਕਿ ਪੁਲਸ ਤੋਂ ਬੇਖੌਫ ਚੋਰ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਚੋਰਾਂ ਨੇ ਪੂਰੀ ਚਹਿਲ-ਪਹਿਲ ਵਿਚ ਦਿਨ-ਦਿਹਾੜੇ ਕੁਝ ਹੀ ਮਿੰਟਾਂ ਵਿਚ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਉਸ 'ਚੋਂ ਸਵਾ ਲੱਖ ਰੁਪਏ ਤੇ ਗੱਡੀ ਦੇ ਦਸਤਾਵੇਜ਼ ਚੋਰੀ ਕਰ ਲਏ। ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ ਸਮਾਣਾ ਮੀਤ ਪ੍ਰਧਾਨ ਟਰੱਕ ਟਰਾਲਾ ਆਪਰੇਟਰ ਪਬਲਿਕ ਕੈਰੀਅਰ (ਟਰੱਕ ਯੂਨੀਅਨ) ਮੋਰਿੰਡਾ ਨੇ ਦੱਸਿਆ ਕਿ ਉਸ ਨੇ ਕੱਲ ਆਪਣੀ ਸਕੋਡਾ ਗੱਡੀ 1 ਲੱਖ 2 ਹਜ਼ਾਰ ਰੁਪਏ ਵਿਚ ਖਰੀਦੀ ਸੀ, ਜਿਸ ਦੀ ਉਸ ਨੇ ਅੱਜ ਪੇਮੈਂਟ ਕਰਨੀ ਸੀ। ਉਹ ਪੰਜਾਬ ਨੈਸ਼ਨਲ ਬੈਂਕ ਮੋਰਿੰਡਾ 'ਚੋਂ ਸਵਾ ਲੱਖ ਰੁਪਏ ਕਢਵਾ ਕੇ ਜਦੋਂ ਆਪਣੀ ਗੱਡੀ ਵਿਚ ਬੈਠਿਆ ਤਾਂ ਕਾਰ ਨੇੜੇ ਇਕ ਵਿਅਕਤੀ, ਜਿਸ ਕੋਲ ਬੈਗ ਸੀ, ਗੱਡੀ ਵਿਚ ਰੱਖੇ ਬੈਗ ਨੂੰ ਧਿਆਨ ਨਾਲ ਵੇਖਣ ਲੱਗਾ ਪਰ ਹਰਬੰਸ ਸਿੰਘ ਉਸ ਨੂੰ ਅਣਡਿੱਠਾ ਕਰਕੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਉਥੋਂ ਆ ਗਿਆ ਤੇ ਆਪਣੀ ਗੱਡੀ ਕੇਂਦੂ ਬਾਬੇ ਦੀ ਸਮਾਧ ਨੇੜੇ ਖੜ੍ਹੀ ਕਰਕੇ ਦਸਮੇਸ਼ ਕਾਰ ਬਾਜ਼ਾਰ ਵਿਚ ਚਲਾ ਗਿਆ।
ਕੁਝ ਮਿੰਟਾਂ ਬਾਅਦ ਜਦੋਂ ਉਹ ਪੈਸੇ ਲੈਣ ਲਈ ਆਪਣੀ ਗੱਡੀ ਕੋਲ ਗਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਸਵਾ ਲੱਖ ਰੁਪਏ, ਗੱਡੀ ਦੀ ਆਰ. ਸੀ. ਤੇ ਹੋਰ ਦਸਤਾਵੇਜ਼ ਗਾਇਬ ਸਨ। ਉਸ ਨੇ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸਮੇਂ ਆਲੇ-ਦੁਆਲੇ ਦੀਆਂ ਦੁਕਾਨਾਂ ਵਿਚ ਲੋਕਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ ਪਰ ਚੋਰ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇ ਗਏ। ਇਹ ਪੂਰੀ ਵਾਰਦਾਤ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ : ਸੂਚਨਾ ਮਿਲਣ 'ਤੇ ਸਿਟੀ ਇੰਚਾਰਜ ਮਨਪ੍ਰੀਤ ਕੌਰ ਨੇ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ ਤੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ। ਇਸ ਮੌਕੇ ਸਿਟੀ ਇੰਚਾਰਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਨੁਸਾਰ 4-5 ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
