ਨਿੱਜੀ ਫਾਇਨਾਂਸ ਕੰਪਨੀ ਦੀ ਮਹਿਲਾ ਕਰਮਚਾਰੀ ਕੋਲੋਂ ਮੋਟਰਸਾਈਕਲ ਸਵਾਰਾਂ ਨੇ ਖੋਹੇ 1 ਲੱਖ 97 ਹਜ਼ਾਰ

Saturday, Jan 20, 2018 - 08:13 AM (IST)


ਗਿੱਦੜਬਾਹਾ  (ਕੁਲਭੂਸ਼ਨ/ਚਾਵਲਾ) - ਗਿੱਦੜਬਾਹਾ ਦੀ ਇਕ ਨਿੱਜੀ ਫਾਇਨਾਂਸ ਕੰਪਨੀ ਦੀ ਮਹਿਲਾ ਕਰਮਚਾਰੀ ਪਾਸੋਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਵੱਲੋਂ 1 ਲੱਖ 97 ਹਜ਼ਾਰ ਰੁਪਏ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਗਿੱਦੜਬਾਹਾ ਪੁਲਸ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਗਿੱਦੜਬਾਹਾ ਦੇ ਡੀ.ਐੱਸ.ਪੀ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਓਜੀਵਨ ਸਮਾਲ ਫਾਇਨਾਂਸ ਬੈਂਕ, ਗੁੜ ਬਜ਼ਾਰ (ਗਿੱਦੜਬਾਹਾ) ਵਿਖੇ ਬੀਤੇ ਇਕ ਸਾਲ ਤੋਂ ਨੌਕਰੀ ਕਰਦੀ ਉਕਤ ਬੈਂਕ ਦੀ ਮਹਿਲਾ ਕਰਮਚਾਰੀ ਕਿਰਨਜੀਤ ਕੌਰ ਵਾਸੀ ਨਜ਼ਦੀਕ ਗੁਰਦਾਸ ਮਾਨ ਵਾਲੀ ਗਲੀ ਗਿੱਦੜਬਾਹਾ ਪਿੰਡ ਪਿਓਰੀ ਤੋਂ ਉਕਤ ਬੈਂਕ ਦੀਆਂ ਕੁਲੈਕਸ਼ਨ ਸਬੰਧੀ ਮੀਟਿੰਗ ਕਰ ਕੇ ਆਪਣੇ ਐਕਟਿਵਾ ਸਕੂਟਰ ਨੰ. ਪੀ ਬੀ 30 ਟੀ 9225 ਰਾਹੀਂ  ਗਿੱਦੜਬਾਹਾ ਵੱਲ ਆ ਰਹੀ ਸੀ, ਜਦੋਂ ਕਿਰਨਜੀਤ ਕੌਰ ਪਿਓਰੀ ਰੇਲਵੇ ਫਾਟਕ ਨੇੜੇ ਸਥਿਤ ਵੇਅਰ ਹਾਊਸ ਦੇ ਗੋਦਾਮਾਂ ਨਜ਼ਦੀਕ ਪੁੱਜੀ ਤਾਂ ਪਿੰਡ ਪਿਓਰੀ ਤੋਂ ਹੀ ਤਿੰਨ ਮੋਟਰਸਾਈਕਲ ਸਵਾਰ ਜਿਨ੍ਹਾਂ ਆਪਣਾ ਮੂੰਹ ਢੱਕਿਆ ਹੋਇਆ ਸੀ ਉਸ ਦਾ ਪਿੱਛਾ ਕਰ ਰਹੇ ਸਨ, ਨੇ ਕਿਰਨਜੀਤ ਕੌਰ ਨੂੰ ਉਕਤ ਗੋਦਾਮਾਂ ਪਾਸ ਰੋਕ ਲਿਆ ਅਤੇ ਉਸ ਪਾਸੋਂ ਰੁਪਇਆਂ ਵਾਲਾ ਬੈਗ, ਜਿਸ ਵਿਚ ਕਰੀਬ 1 ਲੱਖ 97 ਹਜ਼ਾਰ ਰੁਪਏ ਨਕਦੀ, ਉਸ ਦੇ ਸ਼ਨਾਖਤੀ ਕਾਰਡ ਅਤੇ ਹੋਰ ਸਾਮਾਨ ਸੀ, ਨੂੰ ਜ਼ਬਰਦਸਤੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।  ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਪੀ.(ਡੀ.) ਬਲਜੀਤ ਸਿੰਘ ਅਤੇ ਗਿੱਦੜਬਾਹਾ ਦੇ ਡੀ.ਐੱਸ.ਪੀ. ਰਾਜਪਾਲ ਸਿੰਘ ਹੁੰਦਲ ਮੌਕੇ 'ਤੇ ਪੁੱਜੇ। ਇਸ ਮੌਕੇ ਦੋਵਾਂ ਪੁਲਸ ਅਧਿਕਾਰੀਆਂ ਵੱਲੋਂ ਗਿੱਦੜਬਾਹਾ ਪਿਓਰੀ ਰੋਡ 'ਤੇ ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ।
ਜਦੋਂ ਇਸ ਮਾਮਲੇ ਸਬੰਧੀ ਮੌਕੇ 'ਤੇ ਪੁੱਜੇ ਮੀਡੀਆ ਕਰਮਚਾਰੀਆਂ ਨੇ ਐੱਸ.ਪੀ. (ਡੀ.) ਬਲਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਮਾਮਲੇ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਖਲ ਤੋਂ ਬਾਅਦ ਡੀ.ਐੱਸ.ਪੀ. ਗਿੱਦੜਬਾਹਾ ਰਾਜਪਾਲ ਸਿੰਘ ਹੁੰਦਲ ਨੇ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


Related News