ਮਲੋਟ : 3 ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ 50 ਹਜ਼ਾਰ ਰੁਪਏ (ਵੀਡੀਓ)

07/06/2018 10:12:42 AM

ਮਲੋਟ (ਜਨੇਜਾ) - ਬੀਤੇ ਦਿਨ ਮਲੋਟ ਵਿਖੇ ਦਿਨ-ਦਿਹਾੜੇ 3 ਲੁਟੇਰਿਆਂ ਵੱਲੋਂ ਇਕ ਫੈਕਟਰੀ ਮਾਲਕ ਨੂੰ ਜ਼ਖਮੀ ਕਰਕੇ ਉਸ ਕੋਲੋ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੇਰੇ ਇਲਾਜ ਸੁਵਾਮੀ ਕੈਟਲ ਫੀਡ ਦੇ ਮਾਲਕ ਦਰਸ਼ਨ ਲਾਲ ਗਿਰਧਰ ਨੇ ਕਿਹਾ ਕਿ ਉਹ ਆਪਣੀ ਮੁਕਤਸਰ ਰੋਡ ਮਲੋਟ 'ਤੇ ਸਥਿਤ ਫੈਕਟਰੀ ਦੇ ਦਫਤਰ 'ਚ ਬੈਠੇ ਆਪਣਾ ਕੰਮ ਕਰ ਰਿਹਾ ਸੀ। 
ਇਸ ਦੌਰਾਨ ਉਨ੍ਹਾਂ ਨੇ ਅਚਾਨਕ ਫੈਕਟਰੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਦੇਖਿਆ ਕਿ 3 ਅਣਪਛਾਤੇ ਵਿਅਕਤੀ ਫੈਕਟਰੀ 'ਚ ਘੁੰਮ ਰਹੇ ਸਨ। ਉਸ ਨੇ ਦਫਤਰ 'ਚੋਂ ਬਾਹਰ ਆ ਕੇ ਉਨ੍ਹਾਂ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਉਸ ਨਾਲ ਖਿੱਚ-ਧੂਹ ਕਰਦੇ ਹੋਏ ਉਸ ਦੇ ਗੱਲ 'ਚ ਪਾਈ ਚੇਨੀ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਰੌਲਾ ਪਾਉਣ 'ਤੇ ਫੈਕਟਰੀ 'ਚ ਕੰਮ ਕਰਦੇ ਮਜ਼ਦੂਰ ਉਸ ਨੂੰ ਬਚਾਉਣ ਲਈ ਬਾਹਰ ਆ ਗਏ। ਉਕਤ ਲੁਟੇਰੇ ਉਸ ਨੂੰ ਖਿੱਚ ਕੇ ਗੇਟ ਤੋਂ ਬਾਹਰ ਲੈ ਗਏ ਅਤੇ ਬਾਹਰੋਂ ਗੇਟ ਬੰਦ ਕਰਕੇ ਉਸ ਦੀ ਜੇਬ 'ਚੋਂ 50 ਹਜ਼ਾਰ ਰੁਪਏ ਕੱਢ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੀੜਤ ਫੈਕਟਰੀ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ 3 ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News