ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਕਿਸਾਨ ਤੋਂ ਦਿਨ ਦਿਹਾੜੇ ਲੁੱਟੇ 1.10 ਲੱਖ ਰੁਪਏ

05/16/2024 5:01:32 PM

ਰਾਮਪੁਰਾ ਫੂਲ (ਤਰਸੇਮ) - ਅੱਜ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਪਿੰਡ ਮਹਿਰਾਜ ਵਿਖੇ ਇਕ ਕਿਸਾਨ ਕੋਲੋਂ ਇਕ ਲੱਖ ਦਸ ਹਜ਼ਾਰ ਰੁਪਏ ਖੋਹ ਕੇ ਰਫੂ ਚੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਰਦੇਵ ਸਿੰਘ ਵਾਸੀ ਮਹਿਰਾਜ ਦੁਪਹਿਰ ਸਮੇਂ ਪਿੰਡ ਮਹਿਰਾਜ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਤੋਂ ਰਕਮ ਕਢਵਾ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸੇ ਦੌਰਾਨ ਉਸਦੇ ਪਿਛੇ ਲੱਗੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੁਆਰਾ ਪਿੰਡ ਦੇ ਬਾਹਰ ਪੂਹਲੇ ਦੇ ਰਸਤੇ ਉਪਰ ਕਿਸਾਨ ਉਪਰ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ : ਦੁਕਾਨ 'ਤੇ ਚੀਜ਼ ਲੈਣ ਗਈ 6 ਸਾਲਾਂ ਬੱਚੀ ਨੂੰ ਕਬਿਰਸਤਾਨ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਘਟਨਾ ਦੌਰਾਨ ਕਾਫੀ ਜਹਿੱਦ ਹੁੰਦੇ ਹੋਏ ਪੀੜਤ ਕਿਸਾਨ ਜ਼ਖ਼ਮੀ ਵੀ ਹੋ ਗਿਆ ਪਰ ਹਮਲਾਵਰ ਲੁਟੇਰੇ ਕਿਸਾਨ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋਣ ’ਚ ਸਫਲ ਹੋ ਗਏ। ਪੀੜਤ ਕਿਸਾਨ ਅਨੁਸਾਰ ਉਸ ਦੇ ਝੋਲੇ ’ਚ ਇਕ ਲੱਖ ਦਸ ਹਜ਼ਾਰ ਰੁਪਏ ਸਨ, ਜੋ ਉਹ ਬੈਂਕ ’ਚੋਂ ਕੱਢਵਾ ਕੇ ਘਰ ਲਿਜਾ ਰਿਹਾ ਸੀ। ਇਸ ਘਟਨਾ ਸਬੰਧੀ ਸੂਚਨਾ ਮਿਲਣ ’ਤੇ ਪ੍ਰਿਤਪਾਲ ਸਿੰਘ ਡੀ. ਐੱਸ. ਪੀ. ਫੂਲ, ਰਾਜੇਸ਼ ਕੁਮਾਰ ਮੁੱਖ ਅਫ਼ਸਰ ਪੁਲਸ ਥਾਣਾ ਸਿਟੀ ਰਾਮਪੁਰਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ ਉਪਰ ਪਹੁੰਚੇ। ਪੁਲਸ ਵੱਲੋਂ ਹਮਲਾਵਰ ਲੁਟੇਰੇ ਵਿਅਕਤੀਆਂ ਦੀ ਸ਼ਨਾਖਤ ਲਈ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਪੁਲਸ ਵੱਲੋਂ ਮਾਮਲੇ ਸਬੰਧੀ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News