ਲੁਟੇਰਿਆਂ ਵੱਲੋਂ ਸਾਬਕਾ ਫੌਜੀ ਦਾ ਕਤਲ, ਪਤਨੀ ਨੂੰ ਕੀਤਾ ਜ਼ਖਮੀ

Tuesday, Feb 20, 2018 - 05:16 AM (IST)

ਸਮਾਣਾ, (ਦਰਦ/ਅਸ਼ੋਕ)- ਪਿੰਡ ਗਾਜੀਪੁਰ ਵਿਖੇ ਐਤਵਾਰ ਦੀ ਰਾਤ ਨੂੰ ਇਕ ਸਾਬਕਾ ਫੌਜੀ ਨੂੰ ਅਣਪਛਾਤੇ ਲੁਟੇਰਿਆਂ ਵੱਲੋਂ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰਨ ਤੇ ਉਸ ਦੀ ਪਤਨੀ ਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਸਿਵਲ ਹਸਪਤਾਲ ਸਮਾਣਾ ਵਿਖੇ ਜ਼ੇਰੇ ਇਲਾਜ ਹੈ। ਜਾਂਦੇ ਹੋਏ ਲੁਟੇਰੇ ਸੋਨੇ ਦੇ ਗਹਿਣੇ ਤੇ ਨਕਦੀ ਵੀ ਲੈ ਗਏ। ਇਸ ਦੀ ਸੂਚਨਾ ਪਿੰਡ ਦੇ ਸਰਪੰਚ ਤਰਸੇਮ ਚੰਦ ਭੋਲਾ ਵੱਲੋਂ ਦੇਣ 'ਤੇ ਜਾਂਚ ਲਈ ਡੀ. ਆਈ. ਜੀ. ਪਟਿਆਲਾ ਰੇਂਜ ਸੁਖਚੈਨ ਸਿੰਘ ਗਿੱਲ, ਐੱਸ. ਐੱਸ. ਪੀ. ਪਟਿਆਲਾ ਡਾ. ਐੱਸ. ਭੂਪਤੀ ਸਣੇ ਜ਼ਿਲਾ ਪੁਲਸ ਦੇ ਸੀਨੀ. ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 
ਪਿੰਡ ਗਾਜੀਪੁਰ ਦੇ ਬਹਾਰਵਾਰ ਸਮਾਣਾ ਸੜਕ 'ਤੇ ਸਥਿਤ ਘਰ 'ਚ ਰਹਿ ਰਹੇ ਮ੍ਰਿਤਕ ਦਰਸ਼ਨ ਸਿੰਘ ਫੌਜੀ (60) ਦੀ ਨੂੰਹ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਸਹੁਰੇ ਦਰਸ਼ਨ ਸਿੰਘ, ਸੱਸ ਗੁਰਮੀਤ ਕੌਰ ਤੇ ਆਪਣੇ 3 ਸਾਲਾ ਬੇਟੇ ਧਰਮਵੀਰ ਨਾਲ ਰਾਤ ਨੂੰ ਘਰ 'ਚ ਸੁੱਤੇ ਪਏ ਸਨ। ਰਾਤ 10.30 ਵਜੇ ਜਦੋਂ ਉਸ ਦੇ ਸਹੁਰੇ ਦਰਸ਼ਨ ਸਿੰਘ ਨੇ ਘਰ ਦੇ ਵਿਹੜੇ 'ਚ ਖੜਾਕੇ ਦੀ ਆਵਾਜ਼ ਸੁਣੀ ਤਾਂ ਉਹ ਘਰ ਦੀ ਲਾਬੀ ਦਾ ਦਰਵਾਜ਼ਾ ਖੋਲ੍ਹ ਕੇ ਜਦ ਬਾਹਰ ਨਿਕਲਿਆ ਤਾਂ ਵਿਹੜੇ 'ਚ ਖੜ੍ਹੇ ਕੁਝ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਹੁਰੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਤੇ ਉਸ ਦੀ ਸੱਸ ਮਦਦ ਲਈ ਜਦੋਂ ਬਾਹਰ ਨਿਕਲੀਆਂ ਤਾਂ ਉਨ੍ਹਾਂ ਦੀ ਵੀ ਇਨ੍ਹਾਂ ਲੁਟੇਰਿਆਂ ਨੇ ਕੁੱਟ-ਮਾਰ ਕਰ ਦਿੱਤੀ। ਉਸ ਨੇ ਤੇ ਉਸ ਦੀ ਸੱਸ ਨੇ ਘਰ ਦੀ ਉਪਰਲੀ ਮੰਜ਼ਿਲ 'ਤੇ ਜਾ ਕੇ ਬਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਆਪਣੀ ਜਾਨ ਬਚਾਈ, ਜਦ ਉਸ ਦਾ ਸਹੁਰਾ ਆਪਣੀ ਜਾਨ ਬਚਾਉਣ ਲਈ ਗੁਆਂਢੀਆਂ ਦੀ ਕੰਧ ਟੱਪਣ ਲੱਗਾ ਤਾਂ ਲੁਟੇਰਿਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਉਸ ਨੇ ਅੱਗੇ ਦੱਸਿਆ ਕਿ ਉਹ ਸਾਰੀ ਰਾਤ ਬਿਨਾਂ ਕੋਈ ਰੌਲਾ ਪਾਏ ਕਮਰੇ 'ਚ ਹੀ ਬੈਠੇ ਰਹੇ ਤੇ ਤੜਕੇ ਉਨ੍ਹਾਂ ਦੇ ਗੁਆਂਢੀ ਬਲਵਿੰਦਰ ਸਿੰਘ ਨੇ ਜਦੋਂ ਦਰਸ਼ਨ ਸਿੰਘ ਨੂੰ ਆਪਣੇ ਵਿਹੜੇ ਮ੍ਰਿਤਕ ਪਿਆ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਗੁਆਂਢੀ ਨੂੰ ਆਪਣੀ ਰਾਤ ਸਮੇਂ ਦੀ ਸਾਰੀ ਹੱਡਬੀਤੀ ਸੁਣਾਈ, ਜਿਸ 'ਤੇ ਉਸ ਨੇ ਤੁਰੰਤ ਸਰਪੰਚ ਨੂੰ ਮੌਕੇ 'ਤੇ ਬੁਲਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਸੀਨੀ. ਪੁਲਸ ਅਧਿਕਾਰੀਆਂ, ਫੋਰੈਂਸਿਕ ਤੇ ਡਾਗ ਸਕੁਐਡ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਮ੍ਰਿਤਕ ਦੀ ਨੂੰਹ ਰਮਨਦੀਪ ਕੌਰ ਦੇ ਬਿਆਨਾਂ ਅਨੁਸਾਰ ਲੁਟੇਰਿਆਂ ਦੀ ਪਛਾਣ ਕਰ ਕੇ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੁਟੇਰੇ ਹੱਥੋ-ਪਾਈ ਦੌਰਾਨ ਕੁਝ ਗਹਿਣੇ ਅਤੇ ਨਕਦੀ ਵੀ ਖੋਹ ਕੇ ਲੈ ਗਏ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਦਰਸ਼ਨ ਸਿੰਘ ਦੇ ਦੋਵੇਂ ਪੁੱਤਰ ਦਲਜੀਤ ਸਿੰਘ ਤੇ ਹਰਜੀਤ ਸਿੰਘ ਫੌਜ ਵਿਚ ਨੌਕਰੀ ਕਰਦੇ ਹਨ ਜੋ ਅੱਜਕੱਲ ਪੂਨੇ ਤੇ ਜੰਮੂ ਦੇ ਰਾਜੋਰੀ ਜ਼ਿਲੇ ਵਿਚ ਡਿਊਟੀ 'ਤੇ ਤਾਇਨਾਤ ਹਨ। ਜਿਨ੍ਹਾਂ 'ਚੋਂ ਹਰਜੀਤ ਸਿੰਘ ਦਾ ਵਿਆਹ ਵੀ 4 ਅਪ੍ਰੈਲ ਦਾ ਰੱਖਿਆ ਹੋਇਆ ਹੈ।


Related News