ਲੁਟੇਰਿਆਂ ਨੇ ਬੈਂਕ ਕਲਰਕ ਨੂੰ ਜ਼ਖਮੀ ਕਰ ਕੇ 1 ਲੱਖ ਲੁੱਟੇ

Wednesday, Oct 04, 2017 - 04:32 AM (IST)

ਲੁਟੇਰਿਆਂ ਨੇ ਬੈਂਕ ਕਲਰਕ ਨੂੰ ਜ਼ਖਮੀ ਕਰ ਕੇ 1 ਲੱਖ ਲੁੱਟੇ

ਅੰਮ੍ਰਿਤਸਰ,   (ਸੰਜੀਵ)-  ਓਰੀਐਂਟਲ ਬੈਂਕ ਆਫ ਕਾਮਰਸ ਦੇ ਸੀਨੀਅਰ ਕਲਰਕ ਭੁਪਿੰਦਰ ਸਿੰਘ ਮਾਹਲ ਦੇ ਸਿਰ 'ਤੇ ਸੋਡੇ ਦੀ ਬੋਤਲ ਮਾਰ ਕੇ 3 ਅਣਪਛਾਤੇ ਲੁਟੇਰੇ 1 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਵਾਰਦਾਤ ਅੱਜ ਸ਼ਾਮ 6 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਵਿਆਹ ਸਮਾਰੋਹ ਦੀ ਸ਼ਾਪਿੰਗ ਲਈ 1 ਲੱਖ ਰੁਪਏ ਦੀ ਰਾਸ਼ੀ ਕਢਵਾ ਕੇ ਬਾਜ਼ਾਰ ਜਾ ਰਿਹਾ ਸੀ। ਲੁਟੇਰਿਆਂ ਨੇ ਭੁਪਿੰਦਰ ਸਿੰਘ ਦੀ ਕਾਰ ਰੁਕਵਾਈ ਅਤੇ ਉਸ ਨੂੰ ਬਾਹਰ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਭੁਪਿੰਦਰ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵਿਚ ਸ਼ਾਮਿਲ ਇਕ ਲੁਟੇਰਾ ਕੋਲ ਦੁਕਾਨ ਵੱਲ ਭੱਜਿਆ ਅਤੇ ਸੋਡੇ ਦੀ ਬੋਤਲ ਲਿਆ ਕੇ ਉਸ ਦੇ ਸਿਰ 'ਤੇ ਮਾਰ ਦਿੱਤੀ। ਜਦੋਂ ਤੱਕ ਭੁਪਿੰਦਰ ਸੰਭਲਦਾ, ਲੁਟੇਰੇ ਗੱਡੀ ਦੇ ਡੈਸ਼ ਬੋਰਡ 'ਤੇ ਪਈ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਭੁਪਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਕਰੀਬ 48 ਘੰਟਿਆਂ ਵਿਚ ਥਾਣਾ ਕੋਤਵਾਲੀ ਇਲਾਕੇ 'ਚ ਲੁਟੇਰਿਆਂ ਵੱਲੋਂ ਇਹ ਚੌਥੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਓ. ਬੀ. ਸੀ. ਵਿਚ ਕਲਰਕ ਦੇ ਅਹੁਦੇ 'ਤੇ ਤਾਇਨਾਤ ਹੈ, 11 ਨਵੰਬਰ ਨੂੰ ਉਸ ਦਾ ਵਿਆਹ ਹੈ ਅਤੇ ਉਹ ਖਰੀਦੋ-ਫਰੋਖਤ ਲਈ ਬੈਂਕ ਤੋਂ 1 ਲੱਖ ਰੁਪਏ ਦੀ ਰਾਸ਼ੀ ਕਢਵਾ ਕੇ ਲਿਆਇਆ ਸੀ, ਜਿਥੋਂ ਉਸ ਨੇ ਸਾਮਾਨ ਲੈਣ ਲਈ ਜਾਣਾ ਸੀ, ਉਸ ਦੀ ਮਾਤਾ ਉਥੇ ਪਹਿਲਾਂ ਹੀ ਪਹੁੰਚ ਚੁੱਕੀ ਸੀ। ਉਹ ਡਿਊਟੀ ਤੋਂ ਛੁੱਟੀ ਕਰ ਕੇ ਪੈਸਿਆਂ ਨਾਲ ਸਾਰਾਗੜ੍ਹੀ ਪਾਰਕਿੰਗ ਤੋਂ ਮੇਨ ਗੇਟ ਵੱਲ ਜਾਣ ਲੱਗਾ ਤਾਂ ਰਸਤੇ ਵਿਚ 3 ਲੁਟੇਰਿਆਂ ਨੇ ਉਸ ਨੂੰ ਹੱਥ ਦੇ ਕੇ ਰੋਕਿਆ, ਜਿਵੇਂ ਹੀ ਉਸ ਨੇ ਗੱਡੀ ਰੋਕੀ ਤਾਂ ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਗੱਡੀ 'ਚੋਂ ਬਾਹਰ ਕੱਢ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨੇ 'ਚ ਇਕ ਲੁਟੇਰੇ ਨੇ ਉਸ ਦੇ ਸਿਰ ਵਿਚ ਇਕ ਬੋਤਲ ਮਾਰ ਦਿੱਤੀ ਅਤੇ 2 ਬੋਤਲਾਂ ਗੱਡੀ ਦੇ ਸ਼ੀਸ਼ੇ 'ਤੇ ਮਾਰ ਕੇ ਸ਼ੀਸ਼ਾ ਤੋੜ ਦਿੱਤਾ। ਇਸੇ ਦੌਰਾਨ ਲੁਟੇਰੇ ਡੈਸ਼ ਬੋਰਡ 'ਤੇ ਪਈ ਨਕਦੀ ਲੈ ਫਰਾਰ ਹੋ ਗਏ।  
ਕੀ ਕਹਿਣਾ ਹੈ ਪੁਲਸ ਦਾ? : ਥਾਣਾ ਕੋਤਵਾਲੀ ਦੇ ਕਾਰਜਕਾਰੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਭੁਪਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਆਦਮੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਉਨ੍ਹਾਂ ਦਾ ਸੁਰਾਗ ਕੱਢ ਲਿਆ ਜਾਵੇਗਾ।


Related News