ਲੋਕਾਂ ਨੇ ਕਾਬੂ ਕੀਤੇ ਲੁਟੇਰੇ, ਛਿੱਤਰ ਪਰੇਡ ਮਗਰੋਂ ਕੀਤਾ ਪੁਲਸ ਹਵਾਲੇ

Friday, May 08, 2026 - 07:17 PM (IST)

ਲੋਕਾਂ ਨੇ ਕਾਬੂ ਕੀਤੇ ਲੁਟੇਰੇ, ਛਿੱਤਰ ਪਰੇਡ ਮਗਰੋਂ ਕੀਤਾ ਪੁਲਸ ਹਵਾਲੇ

ਲੁਧਿਆਣਾ (ਰਾਜ/ਗੌਤਮ): ਮਹਾਨਗਰ ਵਿਚ ਜਦੋਂ ਖਾਕੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣ ਨੂੰ ਤਿਆਰ ਨਹੀਂ ਹੋਈ, ਤਾਂ ਆਖਿਰ ਜਨਤਾ ਨੂੰ ਹੀ ਮੈਦਾਨ ਵਿਚ ਉਤਰਨਾ ਪਿਆ। ਲੁਧਿਆਣਾ ਦੇ ਗਿੱਲ ਪਿੰਡ ਤੋਂ ਦੁੱਗਰੀ ਜਾਣ ਵਾਲੇ ਰਸਤੇ 'ਤੇ ਬੀਤੀ ਰਾਤ ਜੋ ਮੰਜ਼ਰ ਦੇਖਣ ਨੂੰ ਮਿਲਿਆ, ਉਸ ਨੇ ਇਹ ਸਾਫ ਕਰ ਦਿੱਤਾ ਕਿ ਸ਼ਹਿਰ ਦੇ ਲੋਕ ਹੁਣ ਲੁਟੇਰਿਆਂ ਅੱਗੇ ਗੋਡੇ ਟੇਕਣ ਨੂੰ ਤਿਆਰ ਨਹੀਂ ਹਨ। ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਦਹਿਸ਼ਤ ਦਾ ਪ੍ਰਤੀਕ ਬਣੇ ਚਾਰ ਲੁਟੇਰਿਆਂ ਨੂੰ ਜਨਤਾ ਨੇ ਘੇਰਾਬੰਦੀ ਕਰਕੇ ਦਬੋਚ ਲਿਆ। ਗੁੱਸੇ ਨਾਲ ਭਰੀ ਭੀੜ ਨੇ ਫੜੇ ਗਏ ਇਨ੍ਹਾਂ ਬਦਮਾਸ਼ਾਂ ਦੀ ਛਿੱਤਰ ਪਰੇਡ ਕੀਤੀ ਤੇ ਬਾਅਦ ਵਿਚ ਇਨ੍ਹਾਂ ਨੂੰ ਥਾਣਾ ਦੁੱਗਰੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। 

ਫੜੇ ਗਏ ਮੁਲਜ਼ਮਾਂ ਦੀ ਪਛਾਣ ਲੱਕੀ, ਸੰਨੀ, ਮੋਨੂੰ ਅਤੇ ਮਨੀਸ਼ ਵਜੋਂ ਹੋਈ ਹੈ। ਇਹ ਬਦਮਾਸ਼ ਇੰਨੇ ਸ਼ਾਤਰ ਸਨ ਕਿ ਓਵਰਬ੍ਰਿਜ ਦੇ ਹੇਠਾਂ ਹਨੇਰੇ ਦਾ ਫਾਇਦਾ ਚੁੱਕ ਕੇ ਰਾਹਗੀਰਾਂ ਨੂੰ ਘੇਰ ਲੈਂਦੇ ਸਨ ਅਤੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਉਨ੍ਹਾਂ ਨਾਲ ਲੁੱਟ-ਖੋਹ ਕਰਦੇ ਸਨ। ਇਨ੍ਹਾਂ ਦਾ ਸ਼ਿਕਾਰ ਬਣੇ ਇਕ ਜ਼ੋਮੈਟੋ ਡਿਲੀਵਰੀ ਬੁਆਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਉਸ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਲੱਤ ਵਿਚ ਗੰਭੀਰ ਸੱਟ ਲੱਗੀ। ਇਕ ਹੋਰ ਨੌਜਵਾਨ ਦੀ ਬਾਂਹ 'ਤੇ ਵੀ ਹਮਲਾਵਰਾਂ ਨੇ ਵਾਰ ਕੀਤਾ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਜਾਅਲੀ ਨੰਬਰ ਪਲੇਟ ਲੱਗੀ ਸਪਲੈਂਡਰ ਬਾਈਕਾਂ 'ਤੇ ਸਵਾਰ ਹੋ ਕੇ ਸ਼ਹਿਰ ਦੀ ਕਾਨੂੰਨ-ਵਿਵਸਥਾ ਨੂੰ ਟਿੱਚ ਜਾਣ ਰਹੇ ਸਨ, ਪਰ ਜਨਤਾ ਦੀ ਇੱਕਜੁੱਟਤਾ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। 

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਜਿਸ ਚੌਕਸੀ ਦੇ ਦਾਅਵੇ ਕਰਦੀ ਹੈ, ਉਹ ਇਨ੍ਹਾਂ ਲੁਟੇਰਿਆਂ ਕੋਲੋਂ ਬਰਾਮਦ ਸਾਮਾਨ ਨੂੰ ਦੇਖ ਕੇ ਧਰਾਸ਼ਾਈ ਹੋ ਜਾਂਦੇ ਹਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਦੀਆਂ ਦੋ ਬਾਈਕਾਂ, ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਸਵਾਲ ਇਹ ਉੱਠਦਾ ਹੈ ਕਿ ਕੀ ਪੁਲਸ ਨੂੰ ਇਨ੍ਹਾਂ ਜਾਅਲੀ ਨੰਬਰ ਪਲੇਟਾਂ ਵਾਲੀਆਂ ਬਾਈਕਾਂ ਦੀ ਭਿਣਕ ਤੱਕ ਨਹੀਂ ਲੱਗੀ? ਫਿਲਹਾਲ ਪੁਲਸ ਦੇ ਉੱਚ ਅਧਿਕਾਰੀ ਅਜੇ ਵੀ ਇਸ ਮਾਮਲੇ ਵਿਚ ਚੁੱਪ ਬੈਠੇ ਹਨ।


author

Anmol Tagra

Content Editor

Related News