ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਪੁਲਸ ਨੇ ਕੀਤਾ ਡਿਟੇਨ! ਜਾਣੋ ਪੂਰਾ ਮਾਮਲਾ

Monday, Jul 20, 2026 - 06:09 PM (IST)

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਪੁਲਸ ਨੇ ਕੀਤਾ ਡਿਟੇਨ! ਜਾਣੋ ਪੂਰਾ ਮਾਮਲਾ

ਪਾਇਲ (ਵਿਨਾਇਕ): ਮਨਰੇਗਾ ਕਰਮਚਾਰੀਆਂ ਦੇ ਸਮਰਥਨ ਵਿਚ ਖੰਨਾ ਵਿਖੇ ਪ੍ਰਸਤਾਵਿਤ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਜਾ ਰਹੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ 'ਸ਼ੁਭੀ' ਨੂੰ ਸੋਮਵਾਰ ਨੂੰ ਪਾਇਲ ਨੇੜੇ ਪੰਜਾਬ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਉਨ੍ਹਾਂ ਨਾਲ ਮੌਜੂਦ ਕਈ ਸਮਰਥਕਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਥਾਣਾ ਪਾਇਲ ਪਹੁੰਚਾਇਆ। ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋ ਗਈ।

ਜਾਣਕਾਰੀ ਅਨੁਸਾਰ ਪੰਜਾਬ ਯੂਥ ਕਾਂਗਰਸ ਨੇ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਤਹਿਤ 20 ਜੁਲਾਈ ਨੂੰ ਖੰਨਾ ਸਿਟੀ ਸੈਂਟਰ ਵਿਚ ਇਕੱਠੇ ਹੋ ਕੇ ਮਨਰੇਗਾ ਕਰਮਚਾਰੀਆਂ ਦੇ ਸਮਰਥਨ ਵਿਚ ਆਯੋਜਿਤ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸੇ ਪ੍ਰੋਗਰਾਮ ਤਹਿਤ ਸ਼ੁਭਮ ਸ਼ਰਮਾ ਆਪਣੇ ਸਮਰਥਕਾਂ ਨਾਲ ਖੰਨਾ ਜਾ ਰਹੇ ਸਨ, ਪਰ ਪੁਲਸ ਨੇ ਉਨ੍ਹਾਂ ਨੂੰ ਪਾਇਲ ਨੇੜੇ ਰੋਕ ਕੇ ਹਿਰਾਸਤ ਵਿਚ ਲੈ ਲਿਆ।

ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸ਼ੁਭਮ ਸ਼ਰਮਾ ਨੇ ਕਿਹਾ ਕਿ ਉਹ ਖੰਨਾ ਵਿਚ ਮਨਰੇਗਾ ਕਰਮਚਾਰੀਆਂ ਨਾਲ ਹੋਈ ਕਥਿਤ ਕੁੱਟਮਾਰ ਅਤੇ ਧੱਕਾਮੁੱਕੀ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ, ਪਰ ਪੁਲਸ ਨੇ ਉਨ੍ਹਾਂ ਨੂੰ ਰਾਹ ਵਿਚ ਹੀ ਰੋਕ ਕੇ ਗੈਰ-ਲੋਕਤੰਤਰੀ ਢੰਗ ਨਾਲ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਕਿਹਾ, "ਜੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਜੁਰਮ ਹੈ ਤਾਂ ਅਸੀਂ ਇਹ ਜੁਰਮ ਵਾਰ-ਵਾਰ ਕਰਾਂਗੇ। ਗ੍ਰਿਫ਼ਤਾਰੀਆਂ ਨਾਲ ਆਵਾਜ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ। ਮਨਰੇਗਾ ਕਰਮਚਾਰੀਆਂ ਨੂੰ ਇਨਸਾਫ਼ ਮਿਲਣ ਤੱਕ ਪੰਜਾਬ ਯੂਥ ਕਾਂਗਰਸ ਦਾ ਸੰਘਰਸ਼ ਜਾਰੀ ਰਹੇਗਾ।"

ਖੰਨਾ ਵਿਚ ਸਖ਼ਤ ਸੁਰੱਖਿਆ ਪ੍ਰਬੰਧ, ਕਈ ਕਰਮਚਾਰੀ ਵੀ ਹਿਰਾਸਤ ਵਿਚ

ਪ੍ਰਸਤਾਵਿਤ ਘਿਰਾਓ ਪ੍ਰੋਗਰਾਮ ਨੂੰ ਦੇਖਦਿਆਂ ਖੰਨਾ ਵਿੱਚ ਪੁਲਸ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸ਼ਹਿਰ ਦੇ ਮੁੱਖ ਦਾਖ਼ਲਾ ਮਾਰਗਾਂ 'ਤੇ ਨਾਕਾਬੰਦੀ ਕਰਕੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ। ਪੁਲਸ ਨੇ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਮਨਰੇਗਾ ਯੂਨੀਅਨ ਦੇ 50 ਤੋਂ ਵੱਧ ਆਗੂਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿਚ ਲੈ ਲਿਆ। ਕਈ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਵੱਖ-ਵੱਖ ਨਾਕਿਆਂ 'ਤੇ ਰੋਕ ਕੇ ਵੱਖ-ਵੱਖ ਪੁਲਸ ਥਾਣਿਆਂ ਵਿਚ ਭੇਜ ਦਿੱਤਾ ਗਿਆ, ਤਾਂ ਜੋ ਉਹ ਪ੍ਰਦਰਸ਼ਨ ਵਾਲੀ ਥਾਂ ਤੱਕ ਨਾ ਪਹੁੰਚ ਸਕਣ।

ਨਾਕਾਬੰਦੀ ਦੇ ਬਾਵਜੂਦ ਕੁਝ ਪ੍ਰਦਰਸ਼ਨਕਾਰੀ ਖੰਨਾ ਪਹੁੰਚੇ

ਪੁਲਸ ਦੀ ਸਖ਼ਤ ਨਾਕਾਬੰਦੀ ਦੇ ਬਾਵਜੂਦ ਕੁਝ ਮਨਰੇਗਾ ਕਰਮਚਾਰੀ ਅਤੇ ਯੂਨੀਅਨ ਆਗੂ ਬਦਲਵੇਂ ਰਸਤਿਆਂ ਰਾਹੀਂ ਖੰਨਾ ਪਹੁੰਚਣ ਵਿਚ ਕਾਮਯਾਬ ਰਹੇ। ਜਦੋਂ ਉਹ ਕੈਬਨਿਟ ਮੰਤਰੀ ਦੀ ਕੋਠੀ ਵੱਲ ਵਧ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਕੋਠੀ ਤੋਂ ਕੁਝ ਦੂਰੀ ਪਹਿਲਾਂ ਹੀ ਰੋਕ ਲਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਖੰਨਾ-ਅਮਲੋਹ ਰੋਡ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉੱਥੇ ਹੀ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੂਰੇ ਘਟਨਾਕ੍ਰਮ ਦੌਰਾਨ ਸ਼ਹਿਰ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਰਹੀ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਸਘਣੀ ਜਾਂਚ ਕੀਤੀ ਜਾਂਦੀ ਰਹੀ।
 


author

Anmol Tagra

Content Editor

Related News