ਪੰਜਾਬ ਪੁਲਸ ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ ਦੰਗ
Tuesday, Jul 21, 2026 - 11:12 AM (IST)
ਲੁਧਿਆਣਾ (ਡੇਵਿਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਕੂਮਕਲਾਂ ਪੁਲਸ ਥਾਣਾ ਲੁਧਿਆਣਾ ਵਿਖੇ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਜਗਜੀਵਨ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੁਲਜ਼ਮ ਪੁਲਸ ਅਧਿਕਾਰੀ ਖ਼ਿਲਾਫ਼ ਲੁਧਿਆਣਾ ਦੇ ਰਾਹੋਂ ਰੋਡ ਸਥਿਤ ਸੁਰਜੀਤ ਕਾਲੋਨੀ ਦੇ ਇਕ ਨਿਵਾਸੀ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਇਕ ਰਿਸ਼ਤੇਦਾਰ ਵਿਰੁੱਧ ਥਾਣਾ ਕੂਮਕਲਾਂ ਵਿਖੇ ਇਕ ਮੁਕੱਦਮਾ ਦਰਜ ਸੀ, ਜਿਸ ਦੀ ਤਫ਼ਤੀਸ਼ ਏ.ਐੱਸ.ਆਈ. ਜਗਜੀਵਨ ਸਿੰਘ ਵੱਲੋਂ ਕੀਤੀ ਜਾ ਰਹੀ ਸੀ।
ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਦੇ ਕੇਸ ਸਬੰਧੀ ਜਾਂਚ ਅਧਿਕਾਰੀ ਜਗਜੀਵਨ ਸਿੰਘ ਨੂੰ ਮਿਲਿਆ ਤਾਂ ਮੁਲਜ਼ਮ ਨੇ ਅਦਾਲਤ ਵਿਚੋਂ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਦੇ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਇਹ ਰਕਮ ਹਾਸਲ ਵੀ ਕਰ ਲਈ। ਇਸ ਤੋਂ ਬਾਅਦ ਮੁਲਜ਼ਮ ਏ.ਐੱਸ.ਆਈ. ਦਾ ਲਾਲਚ ਹੋਰ ਵਧ ਗਿਆ ਤੇ ਉਸ ਨੇ ਸ਼ਿਕਾਇਤਕਰਤਾ ਨੂੰ ਦੁਬਾਰਾ ਬੁਲਾ ਕੇ 10,000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਸਿਆਣਪ ਵਰਤਦਿਆਂ ਰਿਸ਼ਵਤ ਮੰਗਣ ਸਬੰਧੀ ਸਾਰੀ ਗੱਲਬਾਤ ਆਪਣੇ ਫ਼ੋਨ ਵਿਚ ਰਿਕਾਰਡ ਕਰ ਲਈ।
ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਏ.ਐੱਸ.ਆਈ. ਜਗਜੀਵਨ ਸਿੰਘ ਨੂੰ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਦੂਜੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਮੁਲਜ਼ਮ ਪੁਲਸ ਮੁਲਾਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ
