ਲੁਟੇਰਿਆਂ ਨੇ ਵਿਅਕਤੀ ’ਤੇ ਹਮਲਾ ਕਰ ਕੇ 1, 40,000 ਰੁਪਏ ਲੁੱਟੇ
Wednesday, Dec 04, 2024 - 07:53 AM (IST)
ਗੁਰੂ ਹਰਸਹਾਏ (ਸਿਕਰੀ, ਮਨਜੀਤ, ਸੁਨੀਲ ਵਿੱਕੀ, ਕਾਲੜਾ) : ਗੁਰੂ ਹਰਸਹਾਏ ਇਲਾਕੇ ਵਿਚ ਹੋਈ 1,40,000 ਰੁਪਏ ਦੀ ਲੁੱਟ-ਖੋਹ ਦੀ ਘਟਨਾ ਨੇ ਸਥਾਨਕ ਲੋਕਾਂ ’ਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਸਤਪਾਲ ਸਿੰਘ ਨਾਲ ਵਾਪਰੀ ਇਹ ਘਟਨਾ ਦਿਖਾਉਂਦੀ ਹੈ ਕਿ ਕਿਵੇਂ ਅਪਰਾਧੀ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਜਾਣਕਾਰੀ ਮੁਤਾਬਕ, ਸਤਪਾਲ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਕੁਤਬਗੜ੍ਹ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਆਪਣੇ ਪਾਸ ਇਕੱਠੀ ਹੋਈ ਕਮੇਟੀ ਦੀ ਰਕਮ 1,40,000 ਰੁਪਏ ਕਮੇਟੀ ਮੈਂਬਰਾਂ ਨੂੰ ਦੇਣ ਲਈ ਬਸਤੀ ਸ਼ਹੀਦ ਊਧਮ ਸਿੰਘ ਵਾਲੀ ਨੂੰ ਦੇਣ ਜਾ ਰਹੇ ਸਨ। ਰਾਹ ’ਚ ਦੋ ਅਪਰਾਧੀਆਂ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਕੇ ਉਨ੍ਹਾਂ ਨੂੰ ਡੇਗ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬੇਸਬਾਲ ਨਾਲ ਹਮਲਾ ਕਰ ਕੇ ਉਨ੍ਹਾਂ ਤੋਂ 1,40,000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ।
ਘਟਨਾ ਬਾਰੇ ਦੱਸਦਿਆਂ ਥਾਣਾ ਗੁਰੂ ਹਰਸਹਾਏ ਦੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8