ਲੁਟੇਰੇ ਆਂਗਣਵਾੜੀ ਵਰਕਰ ਦਾ ਪਰਸ ਖੋਹ ਕੇ ਫ਼ਰਾਰ
Friday, Aug 11, 2017 - 10:10 PM (IST)

ਬਟਾਲਾ/ਅਲੀਵਾਲ (ਬੇਰੀ, ਸ਼ਰਮਾ)-ਮੋਟਰਸਾਈਕਲ 'ਤੇ ਸਵਾਰ 2 ਲੁਟੇਰੇ ਪਿੰਡ ਦਬੁਰਜੀ ਦੇ ਨਜ਼ਦੀਕ ਆਂਗਣਵਾੜੀ ਵਰਕਰ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਸਤਪਾਲ ਕੌਰ ਵਾਸੀ ਰਾਪੁਰ ਡੇਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਂਗਣਵਾੜੀ ਵਰਕਰ ਹੈ ਅਤੇ ਰੋਜ਼ਾਨਾ ਸਵੇਰ ਸਮੇਂ ਪਿੰਡ ਗੁੱਜਰਪੁਰਾ ਦੇ ਸਰਕਾਰੀ ਸਕੂਲ ਵਿਖੇ ਸਾਈਕਲ 'ਤੇ ਜਾਂਦੀ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਜਦੋਂ ਉਹ ਕਾਦੀਆਂ ਰਾਜਪੂਤਾਂ ਤੋਂ ਲੰਘ ਕੇ ਦਬੁਰਜੀ ਵੱਲ ਜਾ ਰਹੀ ਸੀ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਸਾਈਕਲ ਦੀ ਟੋਕਰੀ 'ਚ ਪਿਆ ਪਰਸ ਚੁੱਕ ਲਿਆ ਅਤੇ ਪਿੰਡ ਦਬੁਰਜੀ ਵੱਲ ਫ਼ਰਾਰ ਹੋ ਗਏ।
ਕੋਲੋਂ ਲੰਘ ਰਹੇ ਪਿੰਡ ਦਬੁਰਜੀ ਦੇ ਹੀ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹਿਰ ਦੇ ਰਸਤੇ ਧਿਆਨਪੁਰ ਵੱਲ ਦੌੜ ਗਏ ਅਤੇ ਜਾਂਦੇ ਹੋਏ ਪਰਸ 'ਚੋਂ ਮੋਬਾਈਲ, ਚਾਬੀਆਂ ਅਤੇ ਕੁਝ ਨਕਦੀ ਕੱਢ ਕੇ ਪਰਸ ਨਾਨਕਸਰ ਗੁਰਦੁਆਰੇ ਤੋਂ ਕੁਝ ਅੱਗੇ ਜਾ ਕੇ ਸੁੱਟ ਗਏ। ਥਾਣਾ ਘਣੀਏ ਕੇ ਬਾਂਗਰ ਨੂੰ ਸੂਚਿਤ ਕਰਨ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਕੀਤੀ।