ਲੁਟੇਰੇ ਪਿਸਤੌਲ ਦੀ ਨੋਕ ’ਤੇ ਬੈਂਕ ਮੈਨੇਜਰ ਤੋਂ ਕਾਰ ਤੇ ਕਈਅਾਂ ਦੇ ਮੋਬਾਇਲ ਖੋਹ ਕੇ ਫਰਾਰ
Thursday, Jun 28, 2018 - 12:40 AM (IST)
ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਸ਼ਹਿਰ ’ਚ ਸ਼ਹੀਦ ਅਨਿਲ ਬਾਗੀ ਹਸਪਤਾਲ ਦੇ ਸਾਹਮਣੇ ਜਿਮ ਦੇ ਕੋਲ ਮੋਟਰਸਾਈਕਲ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ ’ਤੇ ਇਕ ਬੈਂਕ ਮੈਨੇਜਰ ਤੋਂ ਉਸ ਦੀ ਵਰਨਾ ਕਾਰ ਅਤੇ 2 ਮੋਬਾਇਲ ਖੋਹ ਕੇ ਲੈ ਗਏ। ਯੈਸ ਬੈਂਕ ਫਿਰੋਜ਼ਪੁਰ ਦੇ ਮੈਨੇਜਰ ਰਾਜਨ ਪੋਪਲੀ ਨੇ ਦੱਸਿਆ ਕਿ ਰਾਤ ਕਰੀਬ 8:10 ਵਜੇ ਜਦ ਉਹ ਕਾਰ ’ਚ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਨੂੰ ਫੋਨ ਆ ਗਿਆ ਤੇ ਕਾਰ ਖਡ਼੍ਹੀ ਕਰ ਕੇ ਉਨ੍ਹਾਂ ਫੋਨ ਸੁਣਨਾ ਸ਼ੁਰੂ ਕਰ ਦਿੱਤਾ। ਬੈਂਕ ਮੈਨੇਜਰ ਦੇ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਕੁਝ ਲਡ਼ਕੇ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਉਸ ਦੇ ਕੋਲ ਆਏ ਤੇ ਉਨ੍ਹਾਂ ਕਾਰ ਦਾ ਸ਼ੀਸ਼ਾ ਖਡ਼ਕਾਇਆ। ਜਦ ਬੈਂਕ ਮੈਨੇਜਰ ਨੇ ਕਾਰ ਦੀ ਖਿਡ਼ਕੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਬਾਹਰ ਆਉਣ ਲਈ ਕਿਹਾ, ਫਿਰ ਮੈਨੇਜਰ ਨੂੰ ਕੰਡਿਆਲੀ ਤਾਰ ਉਪਰ ਸੁੱਟ ਦਿੱਤਾ ਤੇ ਉਸ ਦੇ ਹੱਥ ’ਚੋਂ 2 ਮੋਬਾਇਲ ਤੇ ਉਸ ਦੀ ਵਰਨਾ ਕਾਰ ਦੀ ਚਾਬੀ ਤੇ ਕਾਰ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਡੀ. ਐੱਸ. ਪੀ. ਥਾਣਾ ਸਿਟੀ ਫਿਰੋਜ਼ਪੁਰ ਢਿੱਲੋਂ ਨੇ ਦੱਸਿਆ ਕਿ ਪੁਲਸ ਵੱਲੋਂ ਸਾਰਾ ਇਲਾਕਾ ਸੀਲ ਕਰ ਕੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਲੁਟੇਰਿਆਂ ਨੂੰ ਫਡ਼ਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਰੇ ਵਾਲਾ ਰੋਡ ’ਤੇ ਸੈਰ ਕਰ ਰਹੇ ਨੌਜਵਾਨ ਦੇ ਹੱਥ ’ਚ ਫਡ਼ਿਆ ਮੋਬਾਇਲ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਲੁਟੇਰੇ ਖੋਹ ਕੇ ਫਰਾਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਨੌਜਵਾਨ ਨਵਦੀਪ ਜੋਸਨ ਪੁੱਤਰ ਦੇਸ ਰਾਜ ਜੋਸਨ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਪਿੰਡ ਕਮਰੇ ਵਾਲਾ ਰੋਡ ’ਤੇ ਸੈਰ ਕਰ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕਮਰੇ ਵਾਲਾ ਰੋਡ ’ਤੇ ਹੀ ਸਥਿਤ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਪੁੱਜਾ ਤਾਂ ਪਿਛੇ ਤੋਂ ਮੋਟਰਸਾਈਕਲ ’ਤੇ ਆਏ ਨੌਜਵਾਨਾਂ ਨੇ ਉਸ ਦੇ ਹੱਥ ’ਚ ਫਡ਼ਿਆ ਮੋਬਾਇਲ ਝਪਟ ਲਿਆ ਤੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਨਵਦੀਪ ਜੋਸਨ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਥਾਣਾ ਸਿਟੀ ਜਲਾਲਾਬਾਦ ਪੁਲਸ ਨੂੰ ਦੇ ਦਿੱਤੀ ਗਈ। ਦਸਮੇਸ਼ ਨਗਰ ’ਚ ਬੀਤੀ ਰਾਤ ਅਣਪਛਾਤੇ ਝਪਟਮਾਰ ਘਰ ਦੇ ਬਾਹਰ ਮੋਬਾਇਲ ਦੀ ਬੈਟਰੀ ਜਗਾ ਕੇ ਕੰਮ ਕਰ ਰਹੇ ਇਕ ਨੌਜਵਾਨ ਦਾ ਮੋਬਾਇਲ ਚੁੱਕ ਕੇ ਫਰਾਰ ਹੋ ਗਏ। ਇਸ ਜਾਣਕਾਰੀ ਦਿੰਦਿਅਾਂ ਦਸਮੇਸ਼ ਨਗਰ ਗਲੀ ਨੰਬਰ 7 ਵਾਸੀ ਰਮੇਸ਼ ਸੋਨੀ ਨੇ ਦੱਸਿਆ ਕਿ ਬੀਤੀ ਰਾਤ ਉਹ ਗਲੀ ’ਚ ਹਨੇਰਾ ਹੋਣ ਕਾਰਨ ਆਪਣਾ ਮੋਬਾਇਲ ਇੱਟਾਂ ’ਤੇ ਰੱਖ ਕੇ ਪਾਣੀ ਦੀ ਪਾਈਪ ਠੀਕ ਕਰ ਰਿਹਾ ਸੀ ਕਿ ਇੰਨੇ ’ਚ 2 ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਉਸ ਦਾ 11 ਹਜ਼ਾਰ ਰੁਪਏ ਦਾ ਮੋਬਾਇਲ ਚੁੱਕ ਕੇ ਲੈ ਗਏ। ਇਸੇ ਤਰ੍ਹਾਂ ਪ੍ਰੇਮ ਨਗਰ ’ਚ ਅਸ਼ੋਕ ਗੁੰਬਰ ਆਪਣੇ ਪਰਿਵਾਰ ਸਣੇ ਬੀਤੀ ਰਾਤ ਛੱਤ ’ਤੇ ਸੁੱਤਾ ਸੀ। ਇਸ ਦੌਰਾਨ ਅਣਪਛਾਤੇ ਚੋਰ ਛੱਤ ’ਤੇ ਰੱਖੇ ਉਸ ਦੇ 2 ਮੋਬਾਇਲ ਚੋਰੀ ਕਰ ਕੇ ਲੈ ਗਏ। ਤਡ਼ਕੇ ਘਟਨਾ ਦਾ ਪਤਾ ਲੱਗਣ ’ਤੇ ਉਨ੍ਹਾਂ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ।
