ਲੁਧਿਆਣਾ ’ਚ ਬੇਖੌਫ਼ ਲੁਟੇਰੇ, ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਮਹਿਲਾ ਤੋਂ ਕੀਤੀ ਲੁੱਟ

06/04/2023 6:03:58 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਹੁਸੈਨਪੁਰ ਮੋਡ ’ਤੇ ਇਕ ਮਹਿਲਾ ਨੂੰ ਹਥਿਆਰ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵਲੋਂ ਲੁੱਟ ਲਿਆ ਗਿਆ। ਜਿਸ ਬਾਰੇ ਵਿਚ ਪੀੜਤ ਮੀਨਾਕਸ਼ੀ ਪਤਨੀ ਮਨੋਜ ਕੁਮਾਰ ਨਿਵਾਸੀ ਸਿਲਵਰ ਕੁੰਜ ਭੋਰਾ ਕਲੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸੈਨਪੁਰਾ ਵਿਚ ਐਲਡਿਕੋ ਵਿਚ ਰਹਿਣ ਵਾਲੇ ਸਵਰਨ ਕੁਮਾਰ ਦੇ ਘਰ ’ਤੇ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਅੱਜ ਉਹ ਆਪਣੇ ਘਰੋਂ ਥ੍ਰੀਵ੍ਹੀਲਰ ਵਿਚ ਬੈਠ ਕੇ ਕੰਮ ’ਤੇ ਜਾ ਰਹੀ ਸੀ ਤਾਂ ਹੁਸੈਨਪੁਰਾ ਜੀ.ਟੀ ਰੋਡ ’ਤੇ ਉਤਰ ਕੇ ਪੈਦਲ ਜਾ ਰਹੀ ਸੀ। ਉਸੇ ਸਮੇਂ ਉਥੇ ਪਲਸਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ ਨੌਜਵਾਨਾਂ ਨੇ ਉਸੇ ਰਸਤੇ ਵਿਚ ਰੋਕ ਕੇ ਪਹਿਲਾ ਉਸਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਲੁੱਟ ਲਈ ਫਿਰ ਉਸਦੇ ਕੋਲ ਫੜਿਆ ਮੋਬਾਇਲ ਫੋਨ ਖੋਹ ਲਿਆ। ਇਨਾਂ ਹੀ ਨਹੀਂ ਲੁਟੇਰਿਆਂ ਨੇ ਮਹਿਲਾ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਿਸਦੇ ਬਾਅਦ ਮਹਿਲਾ ਜ਼ਮੀਨ ’ਤੇ ਡਿੱਗ ਪਈ ਅਤੇ ਲੁਟੇਰੇ ਮੋਟਰਸਾਈਕਲ ’ਤੇ ਪਿੰਡ ਹੁਸੈਨਪੁਰਾ ਵੱਲ ਫਰਾਰ ਹੋ ਗਏ। 

ਲੁੱਟ ਕਰਨ ਵਾਲੇ ਤਿੰਨ ਲੁਟੇਰੇ ਉਥੇ ਸੜਕ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਏ। ਜਿਸ ਤੋਂ ਬਾਅਦ ਪੀੜਤਾ ਨੇ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਐਲਡਿਕੋ ਦੇ ਰਹਿਣ ਵਾਲੇ ਨਵਲ ਥਾਪਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਪ੍ਰਤੀਦਿਨ ਲੁਟੇਰਿਆਂ ਵਲੋਂ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਲੁੱਟਿਆ ਜਾ ਰਿਹਾ ਹੈ। ਉਪਰੋਕਤ ਲੁੱਟ ਕਰਨ ਤੋਂ ਬਾਅਦ ਕਈ ਲੋਕਾਂ ’ਤੇ ਹਥਿਆਰਾਂ ਨਾਲ ਹਮਲਾ ਵੀ ਕਰਦੇ ਰਹਿੰਦੇ ਹਨ ਪਰ ਅੱਜ ਤੱਕ ਲੁਟੇਰਿਆਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਲੁੱਟ ਦੀਆਂ ਵਾਰਦਾਤਾਂ ਦੀ ਜਾਣਕਾਰੀ ਜਲਦ ਹੀ ਪੁਲਸ ਕਮਿਸ਼ਨਰ ਨੂੰ ਮਿਲ ਕੇ ਦੇਣਗੇ।


Gurminder Singh

Content Editor

Related News