ਅੱਧੀ ਰਾਤ ਨੂੰ ਲੁਟੇਰਿਆਂ ਨੇ ਸੜਕ ’ਚ ਬਣਾ ਦਿੱਤੀ ਇੱਟਾਂ ਦੀ ਕੰਧ, ਗੱਡੀਆਂ ’ਤੇ ਵਰ੍ਹਾਈਆਂ ਇੱਟਾਂ
Saturday, Oct 28, 2023 - 05:27 PM (IST)
ਸਮਾਲਸਰ (ਸੁਰਿੰਦਰ ਸੇਖਾ) : ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ ) ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾਂ ਖੁਰਦ ਤੋਂ ਇਕ ਕਿਲੋਮੀਟਰ ਦੀ ਦੂਰੀ ’ਤੇ ਲੰਘਦੇ ਸਮਾਲਸਰ ਬਾਜਾਖਾਨਾ ਰੋਡ ਦੇ ਠੱਠੀ ਭਾਈ-ਬੰਬੀਹਾ ਭਾਈ ਵਾਲੇ ਚੌਰਸਤੇ ਵਿਚ ਸੜਕਾਂ ’ਤੇ ਇੱਟਾਂ ਦੀ ਕੰਧ ਬਣਾ ਕੇ ਬੀਤੀ ਰਾਤ ਤਕਰੀਬਨ ਦਸ ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਘਾਤ ਲਗਾ ਕੇ ਬੈਠੇ ਲੁਟੇਰਿਆਂ ਨੇ ਇਥੋਂ ਲੰਘਣ ਵਾਲੀ ਇਕ ਮਿੰਨੀ ਬੱਸ ਸਮੇਤ ਅੱਧੀ ਦਰਜਨ ਦੇ ਕਰੀਬ ਕਾਰਾਂ ਦੀ ਇੱਟਾਂ ਰੋੜਿਆਂ ਨਾਲ ਭੰਨ ਤੋੜ ਕੀਤੀ। ਇਸ ਘਟਨਾ ਨਾਲ ਇਲਾਕੇ ਵਿਚ ਇਕਦਮ ਸਹਿਮ ਛਾ ਗਿਆ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਘਟਨਾ ਨੂੰ ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਅੰਨ੍ਹੇ ਵਾਹ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵਲੋਂ ਗੱਡੀਆਂ ਨੂੰ ਰੋਕਣ ਲਈ ਕੰਧ ਲਗਾਈ ਗਈ ਸੀ 'ਪਰ ਗੱਡੀਆਂ ਵਾਲਿਆਂ ਵਲੋਂ ਗੱਡੀਆਂ ਹੌਲੀ ਕਰ ਲਈਆਂ ਗਈਆਂ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਰੋਕੀਆਂ ਨਹੀਂ ਗਈਆਂ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਜਿਨ੍ਹਾਂ ਦੇ ਸ਼ੀਸ਼ੇ ਪਿੰਡ ਬੰਬੀਹਾ ਭਾਈ ਤੱਕ ਖਿਲਰੇ ਦੇਖੇ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਮਾਲਸਰ ਦੇ ਮੁੱਖ ਅਫਸਰ ਦਿਲਬਾਗ ਸਿੰਘ ਬਰਾੜ ਆਪਣੀ ਪੁਲਸ ਪਾਰਟੀ ਨਾਲ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਘਟਨਾ ਸਥਾਨ ’ਤੇ ਕੀਤੀ ਗਈ ਜਾਂਚ ਉਪਰੰਤ ਉਨ੍ਹਾਂ ਹੱਥ ਇਕ ਬੈਗ ਲੱਗਾ ਜਿਸ ਨੂੰ ਉਨ੍ਹਾਂ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ। ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਘੱਟੋ ਘੱਟ 15 ਦੇ ਕਰੀਬ ਹੋ ਸਕਦੀ ਹੈ ਜੋ ਸੜਕ ਦੇ ਦੋਵੇਂ ਪਾਸੇ ਬੈਠਣ ਦੇ ਨਾਲ-ਨਾਲ ਕੁਝ ਲੁਟੇਰੇ ਇੱਥੇ ਦਰਖਤਾਂ ਦੇ ਉੱਪਰ ਵੀ ਚੜ੍ਹੇ ਹੋਏ ਸਨ ਅਤੇ ਉਨ੍ਹਾਂ ਕੋਲ ਕਿਰਪਾਨਾਂ ਅਤੇ ਹੋਰ ਮਾਰੂ ਹਥਿਆਰ ਸਨ ਜਿਨ੍ਹਾਂ ਨੇ ਦਰੱਖਤਾਂ ਦੇ ਉੱਪਰੋਂ ਇੱਟਾਂ ਰੋੜੇ ਚਲਾ ਕੇ ਗੱਡੀਆਂ ਦੀ ਭੰਨ ਤੋੜ ਕੀਤੀ।