ਬਜ਼ੁਰਗ ਦੀ ਹੱਤਿਆ ਕਰਕੇ ਨਕਦੀ ਤੇ ਗਹਿਣੇ ਲੁੱਟੇ

Monday, Aug 13, 2018 - 03:56 AM (IST)

ਬਜ਼ੁਰਗ ਦੀ ਹੱਤਿਆ ਕਰਕੇ ਨਕਦੀ ਤੇ ਗਹਿਣੇ ਲੁੱਟੇ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਨਜ਼ਦੀਕੀ ਪਿੰਡ ਬੇਗਮਪੁਰ ਦੇ ਮੁਹੱਲਾ ਦਸਮੇਸ਼ ਨਗਰ ਵਿਖੇ ਬੀਤੀ ਅੱਧੀ ਰਾਤ ਨੂੰ ਲੁਟੇਰਿਆਂ ਵੱਲੋਂ ਘਰ ਦੇ ਮੁਖੀ ਦੀ ਹੱਤਿਆ, ਉਸ ਦੀ ਪਤਨੀ ਅਤੇ ਪੁੱਤਰ ਨੂੰ ਗੰਭੀਰ ਜ਼ਖਮੀ ਕਰ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮਿਲਦੇ ਹੀ ਪੁਲਸ ਤਫਤੀਸ਼ 'ਚ ਜੁਟ ਗਈ ਹੈ।  ਮ੍ਰਿਤਕ ਯੋਗਾ ਸਿੰਘ (60) ਦੀ ਨੂੰਹ ਰੀਨਾ ਰਾਣੀ ਨੇ ਦੱਸਿਆ ਕਿ ਬੀਤੀ ਰਾਤ ਉਹ ਸਾਰੇ ਸੁੱਤੇ ਹੋਏ ਸੀ ਕਿ ਉਸਦੇ ਸਹੁਰੇ ਦੀ ਰਾਤ ਕਰੀਬ ਡੇਢ ਵਜੇ ਚੀਖ ਸੁਣਾਈ ਦਿੱਤੀ।  ਉਹ ਬਾਹਰ ਆਏ ਤਾਂ  4-5 ਨਕਾਬਪੋਸ਼ ਲੁਟੇਰੇ, ਜਿਨ੍ਹਾਂ ਦੇ ਹੱਥਾਂ ਵਿਚ ਡੰਡੇ ਸਨ, ਥੱਲੇ ਲਾਬੀ ਵਿਚ ਆਏ ਤੇ ਉਸਦੇ ਪਤੀ ਮਨਦੀਪ ਸਿੰਘ ਦੇ ਸਿਰ 'ਤੇ ਕਈ ਡੰਡੇ ਮਾਰ ਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਸ ਦੀ ਸੱਸ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਤੋਂ ਪਹਿਲਾਂ ਲੁਟੇਰਿਆਂ ਨੇ ਉਸਦੇ ਸਹੁਰੇ ਦੀ ਹੱਤਿਆ ਕਰ ਦਿੱਤੀ ਸੀ।
ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਨਨਾਣ ਨੂੰ ਮਾਰਨ ਦੀ ਧਮਕੀ ਦੇ ਕੇ ਇਕ ਕੋਨੇ 'ਚ ਬਿਠਾ ਦਿੱਤਾ। ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਪਤੀ ਦੀ ਅੰਗੂਠੀ, ਕੜਾ, ਉਸ ਦੀ ਸੱਸ ਅਤੇ ਉਸ ਦੇ ਪਾਏ ਗਹਿਣੇ ਵੀ ਲੁਹਾ ਲਏ। ਲੁਟੇਰੇ ਕਰੀਬ ਪੌਣੇ ਘੰਟੇ ਤੱਕ ਕੋਠੀ ਵਿਚ ਪਈਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕਰ ਕੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਲੁਟੇਰਿਆਂ ਨੇ ਉਨ੍ਹਾਂ ਨੇ ਘਰ ਦੇ ਲੈਂਡ ਲਾਈਨ ਫੋਨ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਉਨ੍ਹਾਂ ਸਾਰਿਆਂ ਤੋਂ ਮੋਬਾਇਲ ਫੋਨ ਖੋਹ ਲਏ।


Related News